ਫ਼ਤਹਿਗੜ੍ਹ ਸਾਹਿਬ, 24 ਜੁਲਾਈ (ਬਲਜਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਬੀਤੇ ਕੱਲ੍ਹ ਬਰਨਾਲਾ ਵਿਖੇ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਸਫ਼ਾਈ ਸੇਵਕਾਂ ਖ਼ਾਸਕਰ ਮਹਿਲਾ ਕਰਮਚਾਰੀਆਂ ’ਤੇ ਪੁਲਿਸ ਦੁਆਰਾ ਕੀਤੇ ਗਏ ਲਾਠੀਚਾਰਜ ਨੂੰ ਬੇਹੱਦ ਨਿੰਦਣਯੋਗ ਕਾਰਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅ) ਇਸ ਕਾਰੇ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਾ ਹੈ। ਸ. ਮਾਨ ਨੇ ਕਿਹਾ ਕਿ ਸਫ਼ਾਈ ਸੇਵਕਾਂ ਦੀਆਂ ਅਸਾਮੀਆਂ ਨੂੰ ਲੈ ਕੇ ਲੰਮੇ ਸਮੇਂ ਤੋਂ ਪੱਕੇ ਕਰਨ ਅਤੇ ਉਨ੍ਹਾਂ ਦੀਆਂ ਉਜ਼ਰਤਾਂ ਵਿਚ ਵਾਧਾ ਕਰਨ ਦੀਆਂ ਮੰਗਾਂ ਬਿਲਕੁਲ ਜਾਇਜ਼ ਹਨ, ਜਿਨ੍ਹਾਂ ਦੀ ਪੂਰਤੀ ਪਹਿਲ ਦੇ ਆਧਾਰ ਤੇ ਹੋਣੀ ਚਾਹੀਦੀ ਹੈ ਪਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਦਾ ਨਿਪਟਾਰਾ ਕਰਨ ਦੀ ਬਜਾਏ ਪੁਲਸੀਆਂ ਤਸ਼ੱਦਦ ਢਾਹ ਰਹੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਪੁਲਿਸ ਅਧਿਕਾਰੀਆਂ ਨੇ ਕਾਨੂੰਨ ਨੂੰ ਆਪਣੇ ਵਿਚ ਲੈ ਕੇ ਨਿਹੱਥੇ ਸਫ਼ਾਈ ਕਰਮਚਾਰੀਆਂ ’ਤੇ ਜ਼ਬਰ ਢਾਹਿਆ ਹੈ, ਉਨ੍ਹਾਂ ਵਿਰੁੱਧ ਕਾਨੂੰਨੀ ਅਮਲ ਹੋਣਾ ਚਾਹੀਦਾ ਹੈ ਤਾਂ ਜੋ ਕਿਸੇ ਵੀ ਜਮਹੂਰੀਅਤ ਪਸੰਦ ਧਰਨਾਕਾਰੀਆਂ ਨਾਲ ਪੁਲਿਸ ਤੇ ਹੁਕਮਰਾਨ ਜਬਰ ਨਾ ਕਰ ਸਕਣ। ਉਨ੍ਹਾਂ ਕਿਹਾ ਕਿ ਕਿੰਨੀ ਸ਼ਰਮਨਾਕ ਗੱਲ ਹੈ ਕਿ ਡੀ.ਐਸ.ਪੀ ਪੱਧਰ ਦੇ ਅਧਿਕਾਰੀਆਂ ਵਲੋਂ ਔਰਤਾਂ ’ਤੇ ਵੀ ਬਹੁਤ ਹੀ ਭੱਦੇ ਢੰਗ ਨਾਲ ਲਾਠੀਚਾਰਜ ਕਰਕੇ ਜ਼ਬਰ ਢਾਹਿਆ ਗਿਆ ਹੈ ਜਿਸ ਦੀ ਨਾ ਤਾਂ ਕਾਨੂੰਨ ਇਜਾਜ਼ਤ ਦਿੰਦਾ ਹੈ ਅਤੇ ਨਾ ਹੀ ਇਖ਼ਲਾਕ। ਉਨ੍ਹਾਂ ਉਮੀਦ ਪ੍ਰਗਟਾਈ ਕਿ ਮੁੱਖ ਮੰਤਰੀ ਭਗਵੰਤ ਮਾਨ ਸਫ਼ਾਈ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਦੀ ਤੁਰੰਤ ਪੂਰਤੀ ਕਰਕੇ ਪੰਜਾਬ ਵਿਚ ਬਣਦੇ ਜਾ ਰਹੇ ਮਾੜੇ ਹਾਲਾਤਾਂ ਨੂੰ ਸਹੀ ਕਰਨ ਵਿਚ ਭੂਮਿਕਾ ਨਿਭਾਉਣਗੇ।