ਫ਼ਤਹਿਗੜ੍ਹ ਸਾਹਿਬ, 27 ਜੁਲਾਈ (ਮਨਪ੍ਰੀਤ ਸਿੰਘ)-ਸੀ. ਆਈ. ਏ. ਸਟਾਫ਼ ਸਰਹਿੰਦ ਪੁਲਿਸ ਦੁਆਰਾ ਚੋਰੀ ਦੇ 2 ਮੋਟਰਸਾਈਕਲਾਂ ਸਮੇਤ 2 ਵਿਅਕਤੀਆਂ ਨੂੰ ਕਾਬੂ ਕਰ ਥਾਣਾ ਸਰਹਿੰਦ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਸੀ. ਆਈ. ਏ. ਸਟਾਫ਼ ਦੇ ਸਬ ਇੰਸਪੈਕਟਰ ਸਪਿੰਦਰ ਸਿੰਘ ਨੂੰ ਖ਼ਾਸ ਮੁਖ਼ਬਰ ਤੋਂ ਇਤਲਾਹ ਮਿਲੀ ਸੀ ਕਿ ਮਨਦੀਪ ਸਿੰਘ ਵਾਸੀ ਪਿੰਡ ਤਰਖਾਣ ਮਾਜਰਾ, ਜੋਕਿ ਕਥਿਤ ਚੋਰੀਆਂ ਕਰਨ ਦਾ ਆਦੀ ਹੈ, ਤੇ ਜਿਸ ਪਾਸ ਚੋਰੀ ਦਾ ਮੋਟਰਸਾਈਕਲ ਨੰ. ਐਚ.ਆਰ. 03 ਏ. ਏ 1760 ਹੈ ਤੇ ਉਹ ਕਿਸੇ ਗਾਹਕ ਨੂੰ ਵੇਚਣ ਲਈ ਪਿੰਡ ਤਰਖਾਣ ਮਾਜਰਾ ਤੋਂ ਰੇਲਵੇ ਰੋਡ ਸਰਹਿੰਦ ਵੱਲ ਨੂੰ ਆ ਰਿਹਾ ਹੈ, ਜੇਕਰ ਟੀ.ਪੁਆਇੰਟ ਤਰਖਾਣ ਮਾਜਰਾ ਨਾਕਾਬੰਦੀ ਕੀਤੀ ਜਾਵੇ ਤਾਂ ਮਨਦੀਪ ਸਿੰਘ ਉਕਤ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਆ ਸਕਦਾ ਹੈ। ਇਤਲਾਹ ਪੱਕੀ ਹੋਣ ’ਤੇ ਪੁਲਿਸ ਦੁਆਰਾ ਨਾਕਾਬੰਦੀ ਦੌਰਾਨ ਮਨਦੀਪ ਸਿੰਘ ਚੋਰੀਸ਼ੁਦਾ ਮੋਟਰਸਾਈਕਲ ਸਮੇਤ ਕਾਬੂ ਕਰ ਉਸ ’ਤੇ ਮੁਕੱਦਮਾ ਨੰ. 166 ਮਿਤੀ 24 ਜੁਲਾਈ ਥਾਣਾ ਸਰਹਿੰਦ ਵਿਖੇ ਦਰਜ ਕੀਤਾ ਗਿਆ ਤੇ ਪੁਲਿਸ ਦੁਆਰਾ ਮਨਦੀਪ ਸਿੰਘ ਦਾ ਦੋ ਰੋਜ਼ਾ ਰਿਮਾਂਡ ਹਾਸਿਲ ਕਰ, ਉਸ ਤੋਂ ਹੋਰ ਪੁੱਛਗਿੱਛ ਕੀਤੀ ਗਈ ਤਾਂ ਸ਼ੈਟੀ ਖ਼ਾਨ ਵਾਸੀ ਪਿੰਡ ਜਖ਼ਵਾਲੀ ਹਾਲ ਵਾਸੀ ਸਾਨੀਪੁਰ ਥਾਣਾ ਸਰਹਿੰਦ ਨੂੰ ਮੁਕੱਦਮੇ ’ਚ ਨਾਮਜ਼ਦ ਕੀਤਾ। ਕਥਿਤ ਦੋਸ਼ੀ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਸ ਨੇ ਇਕ ਮੋਟਰਸਾਈਕਲ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਚੋਰੀ ਕੀਤਾ ਸੀ, ਜੋਕਿ ਉਸ ਨੇ ਅਨਾਜ ਮੰਡੀ ਸਰਹਿੰਦ ’ਚ ਝਾੜੀਆਂ ਵਿਚ ਲੁਕਾ ਕੇ ਰੱਖਿਆ ਹੋਇਆ ਹੈ, ਜਿਸ ’ਤੇ ਪੁਲਿਸ ਨੇ ਮੋਟਰਸਾਈਕਲ ਨੰ. ਪੀ.ਬੀ 08 ਸੀ.ਕਿਊ 4549 ਬਰਾਮਦ ਕੀਤਾ। ਪੁਲਿਸ ਦੁਆਰਾ ਦੋਵੇਂ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰਕੇ ਬਣਦੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।