ਫ਼ਤਹਿਗੜ੍ਹ ਸਾਹਿਬ, 27 ਜੁਲਾਈ (ਬਲਜਿੰਦਰ ਸਿੰਘ)-ਡਿਵਾਈਨ ਲਾਈਟ ਇੰਟਰਨੈਸ਼ਨਲ ਸਕੂਲ ਦੇ ਮੋਂਟੇਸਰੀ ਵਿੰਗ ਵਿਚ ਨੰਨ੍ਹੇ-ਮੁੰਨੇ ਬੱਚਿਆਂ ਲਈ ਮੈਂਗੋ ਦਿਵਸ ਉਤਸ਼ਾਹ ਨਾਲ ਮਨਾਇਆ। ਇਸ ਮੌਕੇ ਬੱਚੇ ਪੀਲੇ ਰੰਗ ਦੇ ਸੁੰਦਰ ਪਹਿਰਾਵਿਆਂ ਵਿਚ ਸਕੂਲ ਪਹੁੰਚੇ ਤੇ ਆਪਣੇ ਨਾਲ ਪੀਲੇ ਰੰਗ ਦੇ ਵੱਖ-ਵੱਖ ਸਵਾਦਿਸ਼ਟ ਖਾਣ-ਪੀਣ ਦੇ ਪਦਾਰਥ ਵੀ ਲੈ ਕੇ ਆਏ। ਬੱਚਿਆਂ ਨੇ ਅੰਬ ਦੇ ਵਿਸ਼ੇ ਨਾਲ ਸੰਬੰਧਿਤ ਰੰਗ-ਬਰੰਗੀਆਂ ਤੇ ਰਚਨਾਤਮਿਕ ਗਤੀਵਿਧੀਆਂ ਵਿਚ ਹਿੱਸਾ ਲਿਆ, ਜਿਸ ਨਾਲ ਉਨ੍ਹਾਂ ਨੇ ਖੇਡ-ਖੇਡ ਵਿਚ ਨਵੀਆਂ ਗੱਲਾਂ ਸਿੱਖੀਆਂ। ਸਕੂਲ ਵਲੋਂ ਸਾਰੇ ਬੱਚਿਆਂ ਲਈ ਖ਼ਾਸ ਮੈਂਗੋ ਸ਼ੇਕ ਪਾਰਟੀ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਸਕੂਲ ਦੇ ਸੈਕਟਰੀ-ਕਮ-ਖ਼ਜ਼ਾਨਚੀ ਪ੍ਰਿਆ ਅਰੋੜਾ ਨੇ ਕਿਹਾ ਕਿ ਬੱਚਿਆਂ ਦੀਆਂ ਖ਼ੁਸ਼ੀਆਂ ਸਕੂਲ ਦੀ ਪਹਿਲੀ ਤਰਜੀਹ ਹੈ। ਇਸ ਤਰ੍ਹਾਂ ਦੀਆਂ ਗਤੀਵਿਧੀਆਂ ਰਾਹੀਂ ਬੱਚਿਆਂ ਵਿਚ ਆਤਮ-ਵਿਸ਼ਵਾਸ, ਸਮਾਜਿਕ ਗੁਣਾਂ ਤੇ ਸਾਂਝੇ ਤੌਰ ’ਤੇ ਕੰਮ ਕਰਨ ਦੀ ਭਾਵਨਾ ਦਾ ਵਿਕਾਸ ਹੁੰਦਾ ਹੈ। ਸਕੂਲ ਦੇ ਪ੍ਰਿੰਸੀਪਲ ਡਾ. ਬਬੀਤਾ ਚੋਪੜਾ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਬੱਚਿਆਂ ਦੇ ਸਰਵਪੱਖੀ ਵਿਕਾਸ, ਰਚਨਾਤਮਿਕ ਸੋਚ ਅਤੇ ਸਿੱਖਣ ਪ੍ਰਤੀ ਰੁਚੀ ਨੂੰ ਵਧਾਉਂਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਸਕੂਲ ਹਮੇਸ਼ਾ ਬੱਚਿਆਂ ਨੂੰ ਮਨੋਰੰਜਨ ਦੇ ਨਾਲ-ਨਾਲ ਸਿੱਖਣ ਦੇ ਨਵੇਂ ਮੌਕੇ ਪ੍ਰਦਾਨ ਕਰਦਾ ਹੈ।