ਭਾਰਤ ਨਿਰਪੱਖ ਚੋਣ ਲੋਕਤੰਤਰ ਸੂਚਕ ਅੰਕ ’ਚ 106ਵੇਂ ਸਥਾਨ ’ਤੇ- ਡਾ. ਨਰੇਸ਼ ਚੌਹਾਨ
ਖਮਾਣੋਂ, 2 ਸਤੰਬਰ (ਜੋਗਿੰਦਰ ਪਾਲ)- ਸੀਨੀਅਰ ਕਾਂਗਰਸ ਆਗੂ ਤੇ ਸਾਬਕਾ ਐਸ. ਐਮ.
ਖਮਾਣੋਂ, 2 ਸਤੰਬਰ (ਜੋਗਿੰਦਰ ਪਾਲ)- ਸੀਨੀਅਰ ਕਾਂਗਰਸ ਆਗੂ ਤੇ ਸਾਬਕਾ ਐਸ. ਐਮ. ਓ. ਡਾ. ਨਰੇਸ਼ ਚੌਹਾਨ ਨੇ ਸਵੀਡਨ ਦੀ ਇਕ ਯੂਨੀਵਰਸਿਟੀ ਵਲੋਂ ਜਾਰੀ ਸਰਵੇ ਰਿਪੋਰਟ ਦਾ ਹਵਾਲਾ ਦਿੰਦਿਆਂ ਭਾਰਤ ਦੇ ਲੋਕਤੰਤਰ ਦੀ ਸਥਿਤੀ ’ਤੇ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ 179 ਦੇਸ਼ਾਂ ਦੀ ਸੂਚੀ ਵਿਚ ਭਾਰਤ ਨੂੰ ਨਿਰਪੱਖ ਚੋਣ ਲੋਕਤੰਤਰ ਸੂਚਕ ਅੰਕ ਵਿਚ 106ਵਾਂ ਸਥਾਨ ਮਿਲਿਆ ਹੈ ਅਤੇ ਭਾਰਤ ਨੂੰ ’ਚੋਣਵੀਂ ਨਿਰੰਕੁਸ਼ਤਾ’ ਦੀ ਸ਼੍ਰੇਣੀ ਵਿਚ ਰੱਖਿਆ ਗਿਆ ਹੈ। ਡਾ. ਚੌਹਾਨ ਨੇ ਕਿਹਾ ਕਿ ਇਸ ਸੂਚਕ ਅੰਕ ਵਿਚ ਚੋਣਾਂ ਦੀ ਨਿਰਪੱਖਤਾ, ਵੋਟ ਦੇ ਅਧਿਕਾਰ, ਸਿਆਸੀ ਪਾਰਟੀਆਂ ਬਣਾਉਣ ਦੀ ਆਜ਼ਾਦੀ, ਲੋਕਾਂ ਦੇ ਬੋਲਣ ਦੇ ਹੱਕ ਅਤੇ ਸਰਕਾਰ ਦੀ ਚੋਣ ਪ੍ਰਕਿਰਿਆ ਆਦਿ ਨੂੰ ਆਧਾਰ ਬਣਾਇਆ ਜਾਂਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਰਿਪੋਰਟ ਵਿਚ ਭਾਰਤ ਨੂੰ 0.39 ਅੰਕ ਦਿੱਤੇ ਗਏ ਹਨ, ਜੋ ਦੇਸ਼ ਵਿਚ ਲੋਕਤੰਤਰ ਦੀ ਸਥਿਤੀ ਬਾਰੇ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਕੇਂਦਰ ਦੀ ਮੋਦੀ ਸਰਕਾਰ ਦੇ ਕਾਰਜਕਾਲ ਦੌਰਾਨ ਵਿਰੋਧੀ ਪਾਰਟੀਆਂ ਨੂੰ ਕਮਜ਼ੋਰ ਕਰਨ, ਮੀਡੀਆ ਦੀ ਆਜ਼ਾਦੀ ਨੂੰ ਪ੍ਰਭਾਵਿਤ ਕਰਨ ਅਤੇ ਲੋਕਾਂ ਦੇ ਬੁਨਿਆਦੀ ਹੱਕਾਂ ਨੂੰ ਸੀਮਤ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਉਨ੍ਹਾਂ ਵੋਟਰ ਸੂਚੀਆਂ ਵਿਚ ਕਥਿਤ ਧਾਂਦਲੀ ਅਤੇ ਚੋਣ ਪ੍ਰਕਿਰਿਆ ਨਾਲ ਜੁੜੇ ਸਵਾਲਾਂ ਦਾ ਵੀ ਜ਼ਿਕਰ ਕੀਤਾ। ਡਾ. ਚੌਹਾਨ ਨੇ ਕਿਹਾ ਕਿ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਵਲੋਂ ਦਿੱਤੇ ਸੰਵਿਧਾਨ ਨੇ ਹਰ ਨਾਗਰਿਕ ਨੂੰ ਬਰਾਬਰ ਦੇ ਹੱਕ ਅਤੇ ਆਜ਼ਾਦੀ ਦਿੱਤੀ ਹੈ, ਜਿਸ ਦੀ ਰੱਖਿਆ ਕਰਨਾ ਹਰ ਸਰਕਾਰ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਸ਼ਾਂਤਮਈ ਢੰਗ ਨਾਲ ਆਪਣੇ ਹੱਕਾਂ ਲਈ ਆਵਾਜ਼ ਉਠਾਉਣ ਵਾਲੇ ਵਿਦਿਆਰਥੀਆਂ, ਅਧਿਆਪਕਾਂ, ਸਰਕਾਰੀ ਮੁਲਾਜ਼ਮਾਂ ਅਤੇ ਵਿਰੋਧੀ ਆਗੂਆਂ ਨਾਲ ਕਥਿਤ ਤੌਰ ’ਤੇ ਸਖ਼ਤੀ ਵਰਤਣਾ ਲੋਕਤੰਤਰ ਲਈ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕ ਕੇਂਦਰ ਸਰਕਾਰ ਦੀਆਂ ਕਥਿਤ ਮਾੜੀਆਂ ਨੀਤੀਆਂ ਤੋਂ ਜਾਗਰੂਕ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂ ਰਾਹੁਲ ਗਾਂਧੀ ਲੋਕਾਂ, ਖ਼ਾਸ ਕਰਕੇ ਗ਼ਰੀਬ ਅਤੇ ਕਮਜ਼ੋਰ ਵਰਗਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿਚ ਕਾਂਗਰਸ ਨੂੰ ਲੋਕਾਂ ਦਾ ਵੱਡਾ ਸਮਰਥਨ ਮਿਲੇਗਾ।