ਟੁੱਟੀ ਪੁਲੀ ਦੇ ਰਹੀ ਹਾਦਸੇ ਨੂੰ ਸੱਦਾ, ਪੀ. ਡਬਲਿਊ. ਡੀ. ਅਧਿਕਾਰੀ ਕੁੰਭਕਰਨੀ ਨੀਂਦ ਸੁੱਤੇ
ਕੁਝ ਮਹੀਨੇ ਪਹਿਲਾਂ ਬਣੀ ਪੁਲ਼ੀ ਦੀ ਹਾਲਤ ਖਸਤਾ
ਖਮਾਣੋਂ, 21 ਸਤੰਬਰ (ਜੋਗਿੰਦਰ ਪਾਲ)- ਪਿੰਡ ਰਤਨਗੜ੍ਹ ਤੋਂ ਮਨੈਲੀ ਨੂੰ ਜਾਂਦੀ ਲਿੰਕ ਸੜਕ ’ਤੇ ਪੀ. ਡਬਲਿਊ.
ਖਮਾਣੋਂ, 21 ਸਤੰਬਰ (ਜੋਗਿੰਦਰ ਪਾਲ)- ਪਿੰਡ ਰਤਨਗੜ੍ਹ ਤੋਂ ਮਨੈਲੀ ਨੂੰ ਜਾਂਦੀ ਲਿੰਕ ਸੜਕ ’ਤੇ ਪੀ. ਡਬਲਿਊ. ਡੀ. ਭਵਨ ਤੇ ਮਾਰਗ ਵਿਭਾਗ ਦੀ ਡਵੀਜ਼ਨ ਫ਼ਤਹਿਗੜ੍ਹ ਸਾਹਿਬ ਵਲੋਂ ਬਣਾਈ ਗਈ ਪੁਲ਼ੀ ਕੁਝ ਮਹੀਨਿਆਂ ਬਾਅਦ ਹੀ ਟੁੱਟ ਜਾਣ ਕਾਰਨ ਹਾਦਸੇ ਨੂੰ ਸੱਦਾ ਦੇ ਰਹੀ ਹੈ। ਪੁਲ਼ੀ ਦੀ ਹਾਲਤ ਇੰਨੀ ਖਸਤਾ ਹੋ ਚੁੱਕੀ ਹੈ ਕਿ ਇਸ ਵਿਚੋਂ ਸਰੀਆ, ਸੀਮਿੰਟ, ਬਜਰੀ ਅਤੇ ਰੇਤਾ ਅਲੱਗ-ਅਲੱਗ ਹੋ ਗਏ ਹਨ। ਇਲਾਕੇ ਦੇ ਰਾਹਗੀਰਾਂ ਨੇ ਵਾਹਨ ਚਾਲਕਾਂ ਨੂੰ ਹਾਦਸੇ ਤੋਂ ਬਚਾਉਣ ਲਈ ਪੁਲੀ ਨੇੜੇ ਦਰਖ਼ਤ ਕੱਟ ਕੇ ਨਿਸ਼ਾਨੀ ਲਗਾਈ ਹੋਈ ਹੈ। ਪਿੰਡ ਰਤਨਗੜ੍ਹ ਦੇ ਵਸਨੀਕ ਮਿਸਤਰੀ ਜਗਤਾਰ ਸਿੰਘ ਜੱਗਾ ਨੇ ਦੱਸਿਆ ਕਿ ਬਦੇਸ਼ਾਂ ਤੋਂ ਖਮਾਣੋਂ ਨੂੰ ਜਾਣ ਵਾਲੀ ਸੜਕ ਬੰਦ ਹੋਣ ਕਾਰਨ ਚਮਕੌਰ ਸਾਹਿਬ ਵਲੋਂ ਖਮਾਣੋਂ ਆਉਣ ਵਾਲੇ ਲੋਕ ਰਤਨਗੜ੍ਹ ਤੋਂ ਮਨੈਲੀ ਰਸਤੇ ਦੀ ਵਰਤੋਂ ਕਰਦੇ ਹਨ। ਅਜਿਹੇ ਵਿਚ ਟੁੱਟੀ ਪੁਲੀ ਕਾਰਨ ਕਿਸੇ ਵੀ ਸਮੇਂ ਵੱਡਾ ਹਾਦਸਾ ਵਾਪਰ ਸਕਦਾ ਹੈ। ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਬਲਾਕ ਖਮਾਣੋਂ ਦੇ ਪ੍ਰਧਾਨ ਬਹਾਦਰ ਸਿੰਘ, ਜਨਰਲ ਸਕੱਤਰ ਕਸ਼ਮੀਰ ਸਿੰਘ ਰਤੋਂ ਅਤੇ ਇਫਟੂ ਆਗੂ ਮਲਾਗਰ ਖਮਾਣੋਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਟੁੱਟੀ ਹੋਈ ਪੁਲ਼ੀ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ ਅਤੇ ਰਾਹਗੀਰਾਂ ਦੀ ਸੁਰੱਖਿਆ ਲਈ ਲੋੜੀਂਦੇ ਪ੍ਰਬੰਧ ਕੀਤੇ ਜਾਣ, ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।