ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਨੇ ਜਿੱਤੀ ਸਾਊਥ ਜ਼ੋਨ ਯੂਥ ਫ਼ੈਸਟੀਵਲ 2026 ਦੀ ਓਵਰਆਲ ਚੈਂਪੀਅਨਸ਼ਿਪ
ਫ਼ਤਹਿਗੜ੍ਹ ਸਾਹਿਬ, 1 ਅਕਤੂਬਰ (ਬਲਜਿੰਦਰ ਸਿੰਘ)- ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫ਼ਤਹਿਗੜ੍ਹ ਸਾਹਿਬ ਵਿਖੇ ਆਯੋਜਿਤ ਦੋ ਰੋਜ਼ਾ ਆਈ. ਕੇ.
ਬ
ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਵਿਖੇ ਆਯੋਜਿਤ ਸਾਊਥ ਜ਼ੋਨ ਯੂਥ ਫ਼ੈਸਟੀਵਲ ਦੌਰਾਨ ਸੱਭਿਆਚਾਰਕ ਪ੍ਰੋਗਰਾਮ ਵਿਚ ਹਿੱਸਾ ਲੈਂਦੀਆਂ ਵਿਦਿਆਰਥਣਾਂ।
02-10-2026
ਫ਼ਤਹਿਗੜ੍ਹ ਸਾਹਿਬ, 1 ਅਕਤੂਬਰ (ਬਲਜਿੰਦਰ ਸਿੰਘ)- ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫ਼ਤਹਿਗੜ੍ਹ ਸਾਹਿਬ ਵਿਖੇ ਆਯੋਜਿਤ ਦੋ ਰੋਜ਼ਾ ਆਈ. ਕੇ. ਜੀ. ਪੀ. ਟੀ. ਯੂ. ਸਾਊਥ ਜ਼ੋਨ ਯੂਥ ਫ਼ੈਸਟੀਵਲ 2026 ਅੱਜ ਅਮਿਟ ਪੈੜਾਂ ਛੱਡਦਾ ਹੋਇਆ ਸਮਾਪਤ ਹੋ ਗਿਆ। ਇਸ ਯੂਥ ਫ਼ੈਸਟੀਵਲ ਵਿਚ 19 ਕਾਲਜਾਂ ਦੇ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ਵਿਚ ਉਤਸ਼ਾਹ ਨਾਲ ਭਾਗ ਲਿਆ, ਜਿਸ ਵਿਚ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਨੇ ਓਵਰਆਲ ਚੈਂਪੀਅਨਸ਼ਿਪ ਹਾਸਲ ਕੀਤੀ, ਜਦਕਿ ਕਾਲਜ ਆਫ਼ ਫਾਰਮੇਸੀ ਬੇਲਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਸਮਾਪਤੀ ਸਮਾਰੋਹ ਦੇ ਮੁੱਖ ਮਹਿਮਾਨ ਹਰਪ੍ਰੀਤ ਸਿੰਘ ਸਾਹਨੀ, ਸੀ. ਈ. ਓ., ਪੀ. ਟੀ. ਸੀ. ਟੀ. ਵੀ. ਚੈਨਲ ਸਨ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸ. ਸਾਹਨੀ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੇ ਜੀਵਨ ਵਿਚ ਵੱਡੇ ਸੁਪਨੇ ਜ਼ਰੂਰ ਦੇਖਣੇ ਚਾਹੀਦੇ ਹਨ, ਪਰ ਉਨ੍ਹਾਂ ਨੂੰ ਸਾਕਾਰ ਕਰਨ ਲਈ ਸਖ਼ਤ ਮਿਹਨਤ, ਲਗਨ ਤੇ ਦ੍ਰਿੜ੍ਹ ਇਰਾਦੇ ਦੀ ਲੋੜ ਹੁੰਦੀ ਹੈ। ਉਨ੍ਹਾਂ ਨੇ ਆਪਣੇ ਜੀਵਨ ਨਾਲ ਜੁੜੇ ਕਈ ਤਜਰਬੇ ਤੇ ਘਟਨਾਵਾਂ ਸਾਂਝੀਆਂ ਕਰਦਿਆਂ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਤੇ ਹਮੇਸ਼ਾ ਸਕਾਰਾਤਮਿਕ ਸੋਚ ਰੱਖਣ ਦਾ ਸੰਦੇਸ਼ ਦਿੱਤਾ। ਇਸ ਤੋਂ ਪਹਿਲਾਂ ਦੁਪਹਿਰ ਸਮੇਂ ਸ਼ੁਭਮ ਅਗਰਵਾਲ, ਜ਼ਿਲ੍ਹਾ ਪੁਲਿਸ ਮੁਖੀ ਫ਼ਤਹਿਗੜ੍ਹ ਸਾਹਿਬ ਨੇ ਯੂਥ ਫ਼ੈਸਟੀਵਲ ’ਚ ਸ਼ਿਰਕਤ ਕਰਦਿਆਂ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕੀਤੇ। ਉਨ੍ਹਾਂ ਵਿਦਿਆਰਥੀਆਂ ਨੂੰ ਸੋਸ਼ਲ ਮੀਡੀਆ ’ਤੇ ਪ੍ਰਾਪਤ ਹੋਣ ਵਾਲੀ ਜਾਣਕਾਰੀ ਪ੍ਰਤੀ ਸੁਚੇਤ ਰਹਿਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਕਿਸੇ ਵੀ ਸੋਸ਼ਲ ਮੀਡੀਆ ਪੋਸਟ ’ਤੇ ਅੰਨ੍ਹੇਵਾਹ ਵਿਸ਼ਵਾਸ ਕਰਨ ਦੀ ਬਜਾਏ, ਉਸ ਦੀ ਤੱਥ-ਜਾਂਚ ਕਰਨੀ ਚਾਹੀਦੀ ਹੈ ਤੇ ਬਿਨਾਂ ਪੁਸ਼ਟੀ ਕੀਤੇ ਇਸ ਤਰ੍ਹਾਂ ਦੀ ਜਾਣਕਾਰੀ ਨੂੰ ਅੱਗੇ ਸਾਂਝਾ ਕਰਨ ਤੋਂ ਬਚਣਾ ਚਾਹੀਦਾ ਹੈ, ਤਾਂ ਜੋ ਝੂਠੀ ਜਾਣਕਾਰੀ ਜਾਂ ਗ਼ਲਤ ਏਜੰਡੇ ਦੇ ਪ੍ਰਸਾਰ ਨੂੰ ਰੋਕਿਆ ਜਾ ਸਕੇ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਨਾਲ ਵੱਧ ਸਮਾਂ ਬਿਤਾਉਣ ਲਈ ਵੀ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਡਿਜੀਟਲ ਮਾਧਿਅਮਾਂ ਦੀ ਵੱਧ ਰਹੀ ਵਰਤੋਂ ਕਾਰਨ ਪਰਿਵਾਰਕ ਮੈਂਬਰਾਂ ਵਿਚਕਾਰ ਸਿੱਧਾ ਸੰਵਾਦ ਅਤੇ ਸਮਾਂ ਬਿਤਾਉਣ ਦੀ ਪ੍ਰਵਿਰਤੀ ਘਟਦੀ ਜਾ ਰਹੀ ਹੈ। ਇਸ ਮੌਕੇ ਕਾਲਜ ਦੇ ਟਰੱਸਟੀ ਬਲਜੀਤ ਸਿੰਘ ਭੁੱਟਾ, ਐਡਵੋਕੇਟ ਅਮਰਦੀਪ ਸਿੰਘ ਧਾਰਨੀ, ਮਨਪ੍ਰੀਤ ਸਿੰਘ ਸ਼ਾਹਪੁਰ ਤੇ ਹਰਭਜਨ ਸਿੰਘ ਚਨਾਰਥਲ ਵੀ ਮੌਜੂਦ ਸਨ। ਪ੍ਰਿੰਸੀਪਲ ਡਾ. ਲਖਵੀਰ ਸਿੰਘ ਨੇ ਯੂਥ ਫ਼ੈਸਟੀਵਲ ਨੂੰ ਸਫ਼ਲ ਬਣਾਉਣ ਲਈ ਸਮੂਹ ਆਯੋਜਕਾਂ, ਕੋਆਰਡੀਨੇਟਰਾਂ, ਅਧਿਆਪਕਾਂ, ਸਟਾਫ਼ ਮੈਂਬਰਾਂ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਵੱਖ-ਵੱਖ ਮੁਕਾਬਲਿਆਂ ਵਿਚ ਜੇਤੂ ਰਹੇ ਵਿਦਿਆਰਥੀਆਂ ਅਤੇ ਕਾਲਜਾਂ ਨੂੰ ਵਧਾਈ ਦਿੱਤੀ ਤੇ ਸਾਰੇ ਭਾਗੀਦਾਰਾਂ ਵਲੋਂ ਦਿਖਾਏ ਗਏ ਉਤਸ਼ਾਹ, ਪ੍ਰਤਿਭਾ ਤੇ ਰਚਨਾਤਮਿਕਤਾ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਨੂੰ ਨਿਖਾਰਨ ਤੇ ਆਤਮ-ਵਿਸ਼ਵਾਸ ਨਾਲ ਅੱਗੇ ਵਧਣ ਲਈ ਇਕ ਵਧੀਆ ਮੰਚ ਪ੍ਰਦਾਨ ਕਰਦੇ ਹਨ। ਦੋ ਦਿਨਾਂ ਤੱਕ ਚੱਲੇ ਇਸ ਯੂਥ ਫ਼ੈਸਟੀਵਲ ਦੌਰਾਨ ਵਿਦਿਆਰਥੀਆਂ ਨੇ ਵੱਖ-ਵੱਖ ਸਭਿਆਚਾਰਕ ਅਤੇ ਰਚਨਾਤਮਿਕ ਮੁਕਾਬਲਿਆਂ ’ਚ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। 19 ਕਾਲਜਾਂ ਦੀ ਭਾਗੀਦਾਰੀ ਨੇ ਸਮਾਗਮ ਨੂੰ ਹੋਰ ਵੀ ਉਤਸ਼ਾਹਪੂਰਨ ਤੇ ਯਾਦਗਾਰ ਬਣਾਇਆ। ਸਮਾਪਤੀ ਸਮਾਰੋਹ ਦੌਰਾਨ ਓਵਰਆਲ ਨਤੀਜਿਆਂ ਦਾ ਐਲਾਨ ਵੀ ਕੀਤਾ ਗਿਆ। ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਨੇ ਓਵਰਆਲ ਚੈਂਪੀਅਨਸ਼ਿਪ ਜਿੱਤੀ, ਜਦਕਿ ਕਾਲਜ ਆਫ਼ ਫਾਰਮੇਸੀ ਬੇਲਾ ਨੇ ਦੂਜਾ ਸਥਾਨ ਹਾਸਲ ਕੀਤਾ। ਸਮਾਗਮ ਦੇ ਅੰਤ ਵਿਚ ਸਮੂਹ ਭਾਗੀਦਾਰ ਕਾਲਜਾਂ, ਵਿਦਿਆਰਥੀਆਂ, ਜੱਜਾਂ, ਕੋਆਰਡੀਨੇਟਰਾਂ, ਅਧਿਆਪਕਾਂ ਤੇ ਵਲੰਟੀਅਰਾਂ ਦਾ ਧੰਨਵਾਦ ਕੀਤਾ ਗਿਆ, ਜਿਨ੍ਹਾਂ ਦੇ ਸਾਂਝੇ ਯਤਨਾਂ ਸਦਕਾ ਆਈ. ਕੇ. ਜੀ. ਪੀ. ਟੀ. ਯੂ. ਸਾਊਥ ਜ਼ੋਨ ਯੂਥ ਫ਼ੈਸਟੀਵਲ ਸਫਲਤਾਪੂਰਵਕ ਸੰਪੰਨ ਹੋਇਆ।