ਮੁੱਖ ਮੰਤਰੀ ਭਗਵੰਤ ਮਾਨ ਦੀ ਆਮਦ ਨੂੰ ਲੈ ਕੇ ਅਮਲੋਹ ਅਨਾਜ ਮੰਡੀ ਵਿਚ ਤਿਆਰੀਆਂ ਜ਼ੋਰਾਂ ’ਤੇ
ਅਮਲੋਹ, 10 ਨਵੰਬਰ (ਹਰਪ੍ਰੀਤ ਸਿੰਘ ਗਿੱਲ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਭਲਕੇ 11 ਨਵੰਬਰ ਨੂੰ ਪਿੰਡ ਸ਼ਾਹਪੁਰ ਤੋਂ ਪੰਜਾਬ ਭਰ ਵਿਚ ਬਣਾਏ ਗਏ 1000 ਖੇਡ ਸਟੇਡੀਅਮਾਂ ਦੇ ਉਦਘਾਟਨੀ ਸਮਾਗਮਾਂ ਦੀ ਸ਼ੁਰੂਆਤ ਕਰਨਗੇ, ਉਪਰੰਤ ਉਹ ਅਨਾਜ ਮੰਡੀ ਅਮਲੋਹ ਵਿਚ ਰੱਖੇ ਸਮਾਗਮ ਨੂੰ ਸੰਬੋਧਨ ਕਰਨਗੇ। ਮੁੱਖ ਮੰਤਰੀ ਦੀ ਇਸ ਫੇਰੀ ਨੂੰ ਲੈ ਕੇ ਪ੍ਰਸ਼ਾਸਨ ਪੂਰੀ ਤਰ੍ਹਾਂ ਪੱਬਾਂ ਭਾਰ ਹੋਇਆ ਪਿਆ ਹੈ ਅਤੇ ਅਨਾਜ ਮੰਡੀ ਅਮਲੋਹ ਵਿਚ ਸੁਰੱਖਿਆ ਸਮੇਤ ਹੋਰ ਪ੍ਰਬੰਧਾਂ ਦਾ ਕੰਮ ਜ਼ੋਰਾਂ ’ਤੇ ਚੱਲ ਰਿਹਾ ਹੈ।
ਅਮਲੋਹ, 10 ਨਵੰਬਰ (ਹਰਪ੍ਰੀਤ ਸਿੰਘ ਗਿੱਲ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਭਲਕੇ 11 ਨਵੰਬਰ ਨੂੰ ਪਿੰਡ ਸ਼ਾਹਪੁਰ ਤੋਂ ਪੰਜਾਬ ਭਰ ਵਿਚ ਬਣਾਏ ਗਏ 1000 ਖੇਡ ਸਟੇਡੀਅਮਾਂ ਦੇ ਉਦਘਾਟਨੀ ਸਮਾਗਮਾਂ ਦੀ ਸ਼ੁਰੂਆਤ ਕਰਨਗੇ, ਉਪਰੰਤ ਉਹ ਅਨਾਜ ਮੰਡੀ ਅਮਲੋਹ ਵਿਚ ਰੱਖੇ ਸਮਾਗਮ ਨੂੰ ਸੰਬੋਧਨ ਕਰਨਗੇ। ਮੁੱਖ ਮੰਤਰੀ ਦੀ ਇਸ ਫੇਰੀ ਨੂੰ ਲੈ ਕੇ ਪ੍ਰਸ਼ਾਸਨ ਪੂਰੀ ਤਰ੍ਹਾਂ ਪੱਬਾਂ ਭਾਰ ਹੋਇਆ ਪਿਆ ਹੈ ਅਤੇ ਅਨਾਜ ਮੰਡੀ ਅਮਲੋਹ ਵਿਚ ਸੁਰੱਖਿਆ ਸਮੇਤ ਹੋਰ ਪ੍ਰਬੰਧਾਂ ਦਾ ਕੰਮ ਜ਼ੋਰਾਂ ’ਤੇ ਚੱਲ ਰਿਹਾ ਹੈ। ਮੁੱਖ ਮੰਤਰੀ ਦੇ ਸਮਾਗਮ ਲਈ ਅਨਾਜ ਮੰਡੀ ਦੇ ਚਾਰੇ ਪਾਸੇ ਸਫ਼ਾਈ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਮੰਡੀ ਵਿਚ ਪਈਆਂ ਝੋਨੇ ਦੀਆਂ ਭਰੀਆਂ ਬੋਰੀਆਂ ਦੀ ਲਿਫ਼ਟਿੰਗ ਏਨੀ ਤੇਜ਼ੀ ਨਾਲ ਕਰਵਾਈ ਜਾ ਰਹੀ ਹੈ ਕਿ ਖ਼ਬਰ ਲਿਖੇ ਜਾਣ ਤੱਕ ਮੰਡੀ ਦੇ ਨਵੇਂ ਫੜ, ਜਿੱਥੇ ਸਮਾਗਮ ਲਈ ਵੱਡਾ ਪੰਡਾਲ ਲਗਾਇਆ ਗਿਆ ਹੈ, ਵਿਚੋਂ ਝੋਨੇ ਦੀਆਂ ਸਾਰੀਆਂ ਬੋਰੀਆਂ ਚੁਕਵਾ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਮੰਡੀ ਦੇ ਪੁਰਾਣੇ ਫੜ ਵਿਚ ਵੀ ਪਈਆਂ ਬੋਰੀਆਂ ਦੀ ਲਿਫ਼ਟਿੰਗ ਕਰਵਾਉਣ ਲਈ ਪ੍ਰਸ਼ਾਸਨਿਕ ਅਧਿਕਾਰੀ ਸਾਰਾ ਦਿਨ ਮੰਡੀ ਵਿਚ ਮੌਜੂਦ ਰਹੇ। ਸ਼ਾਮ ਸਮੇਂ ਐਸ.ਡੀ.ਐਮ ਬਸੀ ਪਠਾਣਾਂ, ਡੀ.ਐਫ.ਐਸ.ਸੀ ਫ਼ਤਹਿਗੜ੍ਹ ਸਾਹਿਬ ਅਤੇ ਨੋਡਲ ਅਫ਼ਸਰ ਬੀ.ਡੀ.ਪੀ.ਓ ਬਸੀ ਪਠਾਣਾਂ ਵੀ ਬੋਰੀਆਂ ਚੁਕਵਾਉਣ ਦੇ ਕੰਮ ਵਿਚ ਲੱਗੇ ਦੇਖੇ ਗਏ, ਕਿਉਂਕਿ ਇਸ ਫੜ੍ਹ ਵਿਚ ਵਾਹਨਾਂ ਦੀ ਪਾਰਕਿੰਗ ਦਾ ਪ੍ਰਬੰਧ ਕੀਤਾ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਮਾਗਮ ਵਿਚ ਲੋਕਾਂ ਦੀ ਸ਼ਮੂਲੀਅਤ ਲਈ ਆਲੇ-ਦੁਆਲੇ ਦੇ ਦਿਹਾਤੀ ਅਤੇ ਸ਼ਹਿਰੀ ਖੇਤਰਾਂ ਵਿਚੋਂ ਲਗਭਗ 400 ਤੋਂ 425 ਬੱਸਾਂ ਦਾ ਪ੍ਰਬੰਧ ਕੀਤਾ ਗਿਆ ਹੈ। ਇਨ੍ਹਾਂ ਤੋਂ ਇਲਾਵਾ ਨਿੱਜੀ ਕਾਰਾਂ ਅਤੇ ਹੋਰ ਵਾਹਨਾਂ ਨੂੰ ਧਿਆਨ ਵਿਚ ਰੱਖਦਿਆਂ ਪ੍ਰਸ਼ਾਸਨ ਵਲੋਂ ਕੁੱਲ 650 ਵਾਹਨਾਂ ਦੀ ਪਾਰਕਿੰਗ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਟਰੈਫ਼ਿਕ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਸਲਾਣਾ ਸਾਈਡ ਤੋਂ ਆਉਣ ਵਾਲੇ ਵਾਹਨਾਂ ਦੀ ਪਾਰਕਿੰਗ ਮੇਨ ਪੰਡਾਲ ਦੇ ਪਿਛਲੇ ਪਾਸੇ, ਮੰਡੀ ਗੋਬਿੰਦਗੜ੍ਹ ਸਾਈਡ ਤੋਂ ਆਉਣ ਵਾਲੇ ਵਾਹਨਾਂ ਦੀ ਨਵੇਂ ਬੱਸ ਸਟੈਂਡ ਵਿਚ, ਜਦੋਂਕਿ ਭਾਦਸੋਂ ਸਾਈਡ ਤੋਂ ਆਉਣ ਵਾਲੇ ਵਾਹਨਾਂ ਦੀ ਪਾਰਕਿੰਗ ਅਨਾਜ ਮੰਡੀ ਦੇ ਪੁਰਾਣੇ ਫੜ੍ਹ ਵਿਚ ਕੀਤੀ ਜਾਵੇਗੀ। ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਦਾ ਹੈਲੀਕਾਪਟਰ ਨਵੇਂ ਬਣੇ ਸਲਾਣਾ ਖੇਡ ਸਟੇਡੀਅਮ ਵਿਚ ਉੱਤਰੇਗਾ, ਜਿੱਥੋਂ ਪਹਿਲਾਂ ਉਹ ਸ਼ਾਹਪੁਰ ਵਿਖੇ ਬਣੇ ਨਵੇਂ ਖੇਡ ਸਟੇਡੀਅਮ ਦਾ ਉਦਘਾਟਨ ਕਰਨਗੇ। ਇਸ ਉਪਰੰਤ ਉਹ ਅਨਾਜ ਮੰਡੀ ਅਮਲੋਹ ਵਿਖੇ ਲੱਗੇ ਮੁੱਖ ਪੰਡਾਲ ਵਿਚ ਪਹੁੰਚ ਕੇ ਇਕੱਤਰ ਹੋਏ ਲੋਕਾਂ ਨੂੰ ਸੰਬੋਧਨ ਕਰਨਗੇ। ਸਮਾਗਮ ਦੀ ਸਮਾਪਤੀ ਤੋਂ ਬਾਅਦ ਉਹ ਭਗਵਾਨਪੁਰਾ ਦੇ ਖੇਡ ਮੈਦਾਨ ਤੋਂ ਰਵਾਨਾ ਹੋਣਗੇ।