ਪੰਜਾਬ ਸਰਕਾਰ ਮੰਡੀਆਂ ਵਿਚ ਆ ਰਹੀ ਕਿਸਾਨਾਂ ਦੀ ਝੋਨੇ ਦੀ ਫ਼ਸਲ ਨੂੰ ਪਹਿਲ ਦੇ ਆਧਾਰ ’ਤੇ ਖ਼ਰੀਦੇ-ਭੱਟਮਾਜਰਾ, ਚਨਾਰਥਲ
ਫ਼ਤਹਿਗੜ੍ਹ ਸਾਹਿਬ, 12 ਨਵੰਬਰ (ਮਨਪ੍ਰੀਤ ਸਿੰਘ)-ਪੰਜਾਬ ਸਰਕਾਰ ਵਲੋਂ ਸੂਬੇ ਦੇ ਖਰੀਦ ਕੇਂਦਰਾਂ ’ਚੋਂ ਝੋਨੇ ਦੀ ਖ਼ਰੀਦ ਨੂੰ ਬੰਦ ਕਰਨਾ ਮੰਦਭਾਗਾ ਹੈ, ਜਿਸ ਕਾਰਨ ਆੜ੍ਹਤੀਆਂ ਤੇ ਕਿਸਾਨਾਂ ਨੂੰ ਮੰਡੀਆਂ ਵਿਚ ਖੱਜਲ-ਖ਼ੁਆਰ ਹੋਣਾ ਪੈ ਰਿਹਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਆੜ੍ਹਤੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸਾਧੂ ਰਾਮ ਭੱਟਮਾਜਰਾ ਤੇ ਆੜ੍ਹਤੀ ਆਗੂ ਅਤੇ ਠੇਕੇਦਾਰ ਅਵਤਾਰ ਸਿੰਘ ਚਰਨਾਥਲ ਨੇ ਸਾਥੀਆਂ ਸਮੇਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਫ਼ਤਹਿਗੜ੍ਹ ਸਾਹਿਬ, 12 ਨਵੰਬਰ (ਮਨਪ੍ਰੀਤ ਸਿੰਘ)-ਪੰਜਾਬ ਸਰਕਾਰ ਵਲੋਂ ਸੂਬੇ ਦੇ ਖਰੀਦ ਕੇਂਦਰਾਂ ’ਚੋਂ ਝੋਨੇ ਦੀ ਖ਼ਰੀਦ ਨੂੰ ਬੰਦ ਕਰਨਾ ਮੰਦਭਾਗਾ ਹੈ, ਜਿਸ ਕਾਰਨ ਆੜ੍ਹਤੀਆਂ ਤੇ ਕਿਸਾਨਾਂ ਨੂੰ ਮੰਡੀਆਂ ਵਿਚ ਖੱਜਲ-ਖ਼ੁਆਰ ਹੋਣਾ ਪੈ ਰਿਹਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਆੜ੍ਹਤੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸਾਧੂ ਰਾਮ ਭੱਟਮਾਜਰਾ ਤੇ ਆੜ੍ਹਤੀ ਆਗੂ ਅਤੇ ਠੇਕੇਦਾਰ ਅਵਤਾਰ ਸਿੰਘ ਚਰਨਾਥਲ ਨੇ ਸਾਥੀਆਂ ਸਮੇਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਆਗੂਆਂ ਨੇ ਕਿਹਾ ਕਿ ਇਸ ਵਾਰ ਮੌਸਮ ਵਿਚ ਨਮੀ ਅਤੇ ਠੰਢਕ ਕਾਰਨ ਝੋਨੇ ਦੀ ਫ਼ਸਲ ਲੇਟ ਆਈ ਹੈ ਤੇ ਝੋਨੇ ਦੇ ਬੀਜ ਪੰਜਾਬ ਨੰਬਰ ਵਨ ਤੇ ਪੂਸਾ 44 ਦੀ ਫ਼ਸਲ ਵੀ ਲੇਟ ਹੁੰਦੀ ਹੈ, ਜਿਸ ਕਾਰਨ ਬਹੁਤੇ ਕਿਸਾਨਾਂ ਵਲੋਂ ਇਸ ਦੀ ਕਟਾਈ ਲੇਟ ਕੀਤੀ ਜਾ ਰਹੀ ਹੈ ਅਤੇ ਹੁਣ ਵੀ ਕਿਸਾਨਾਂ ਦੀ ਫ਼ਸਲ ਮੰਡੀਆਂ ਵਿਚ ਆ ਰਹੀ ਹੈ, ਜਿਸ ਦੀ ਖ਼ਰੀਦ ਲਈ ਸਰਕਾਰ ਨੂੰ ਮੰਡੀਆਂ ਦੀ ਖ਼ਰੀਦ ਦੇ ਸਮੇਂ ਨੂੰ ਘੱਟੋ-ਘੱਟ 10 ਦਿਨ ਹੋਰ ਵਧਾਉਣਾ ਚਾਹੀਦਾ ਹੈ ਤਾਂ ਜੋ ਕਿਸਾਨਾਂ ਨੂੰ ਹੋਰਨਾਂ ਮੰਡੀਆਂ ਵਿਚ ਖੱਜਲ ਖ਼ੁਆਰ ਨਾ ਹੋਣਾ ਪਵੇ। ਆੜ੍ਹਤੀਆ ਆਗੂਆਂ ਨੇ ਕਿਹਾ ਕਿ ਪਿਛਲੇ ਸਾਲ ਸਰਹਿੰਦ ਮੰਡੀ ’ਚ 17 ਲੱਖ 50 ਹਜ਼ਾਰ ਦੇ ਕਰੀਬ ਝੋਨੇ ਦੇ ਕੱਟੇ ਦੀ ਆਮਦ ਹੋਈ ਸੀ, ਜੋਕਿ ਇਸ ਸਾਲ 10 ਨਵੰਬਰ ਤੱਕ 22 ਲੱਖ ਦੇ ਕਰੀਬ ਹੈ, ਜਿਸ ਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਸਾਲ ਝੋਨੇ ਦੀ ਫ਼ਸਲ ਦੀ ਪੈਦਾਵਾਰ ਵਧੀਆ ਹੋਈ ਹੈ ਤੇ ਇਸ ਦਾ ਝਾੜ ਵੀ ਵਧਿਆ ਹੈ, ਜਿਸ ਲਈ ਸਰਕਾਰ ਤੇ ਮੰਡੀ ਅਧਿਕਾਰੀ ਪੂਰੀ ਤਰ੍ਹਾਂ ਸੁਹਿਰਦ ਨਹੀਂ ਹਨ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਮੰਡੀਆਂ ’ਚ ਕਿਸਾਨਾਂ ਦੀ ਜਿਣਸ ਨੂੰ ਪਹਿਲ ਦੇ ਆਧਾਰ ’ਤੇ ਖ਼ਰੀਦੇ।