ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਹੁ-ਅਨੁਸ਼ਾਸਨੀ ਅਧਿਐਨ ਨੂੰ ਸਮਰਪਿਤ ਚੌਥੀ ਅੰਤਰਰਾਸ਼ਟਰੀ ਕਾਨਫ਼ਰੰਸ ਦਾ ਆਗਾਜ਼
ਫ਼ਤਹਿਗੜ੍ਹ ਸਾਹਿਬ, 18 ਨਵੰਬਰ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰਬੱਤ ਦੇ ਭਲੇ ਦੇ ਸੰਦੇਸ਼ ਅਤੇ ਇਸ ਵਿਚ ਸਮੋਈ ਬਹੁ-ਅਨੁਸ਼ਾਸਨੀ ਗਿਆਨ ਪਰੰਪਰਾ ਨੂੰ ਵਿਸ਼ਵ ਪੱਧਰ ’ਤੇ ਵਿਚਾਰਨ ਦੇ ਉਦੇਸ਼ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ, ਫ਼ਤਹਿਗੜ੍ਹ ਸਾਹਿਬ ਵਲੋਂ ਸਿੱਖ ਐਜੂਕੇਸ਼ਨ ਕੌਂਸਲ, ਯੂ . ਕੇ.
ਸ
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਵਿਦਵਾਨਾਂ ਦਾ ਸਨਮਾਨ ਕਰਦੇ ਹੋਏ। ਅਜੀਤ ਤਸਵੀਰ
19-11-2026
ਫ਼ਤਹਿਗੜ੍ਹ ਸਾਹਿਬ, 18 ਨਵੰਬਰ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰਬੱਤ ਦੇ ਭਲੇ ਦੇ ਸੰਦੇਸ਼ ਅਤੇ ਇਸ ਵਿਚ ਸਮੋਈ ਬਹੁ-ਅਨੁਸ਼ਾਸਨੀ ਗਿਆਨ ਪਰੰਪਰਾ ਨੂੰ ਵਿਸ਼ਵ ਪੱਧਰ ’ਤੇ ਵਿਚਾਰਨ ਦੇ ਉਦੇਸ਼ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ, ਫ਼ਤਹਿਗੜ੍ਹ ਸਾਹਿਬ ਵਲੋਂ ਸਿੱਖ ਐਜੂਕੇਸ਼ਨ ਕੌਂਸਲ, ਯੂ . ਕੇ. ਦੇ ਸਹਿਯੋਗ ਨਾਲ ਤਿੰਨ ਰੋਜ਼ਾ ਚੌਥੀ ਅੰਤਰਰਾਸ਼ਟਰੀ ਕਾਨਫ਼ਰੰਸ ‘ਸ੍ਰੀ ਗੁਰੂ ਗ੍ਰੰਥ ਸਾਹਿਬ: ਬਹੁ-ਅਨੁਸ਼ਾਸਨੀ ਪਰਿਪੇਖ’ ਦਾ ਆਗਾਜ਼ ਹੋਇਆ। 18 ਤੋਂ 20 ਨਵੰਬਰ ਤੱਕ ਚੱਲਣ ਵਾਲੀ ਇਸ ਕਾਨਫਰੰਸ ਲਈ ਕੁੱਲ 85 ਰਜਿਸਟਰੇਸ਼ਨਾਂ ਹੋਈਆਂ ਹਨ। ਕਾਨਫ਼ਰੰਸ ਦੇ ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਪਰਿਤ ਪਾਲ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਮੁੱਚੀ ਮਾਨਵਤਾ ਨੂੰ ਸਮਾਨਤਾ, ਸਹਿਣਸ਼ੀਲਤਾ ਅਤੇ ਸਰਬ-ਸਾਂਝੀਵਾਲਤਾ ਦਾ ਸੰਦੇਸ਼ ਦਿੰਦੇ ਹਨ। ਉਨ੍ਹਾਂ ਨੇ ਖ਼ੁਸ਼ੀ ਪ੍ਰਗਟਾਈ ਕਿ ਦੁਨੀਆ ਭਰ ਤੋਂ ਵਿਦਵਾਨਾਂ ਅਤੇ ਖੋਜਾਰਥੀਆਂ ਨੇ ਧਰਮ, ਦਰਸ਼ਨ, ਸੰਗੀਤ, ਭਾਸ਼ਾ, ਲਿਪੀ, ਸਮਾਜ, ਰਾਜਨੀਤੀ, ਸਿੱਖਿਆ, ਅਰਥਚਾਰੇ, ਤਕਨੀਕ ਅਤੇ ਕਾਨੂੰਨ ਆਦਿ ਵਿਸ਼ਿਆਂ ਨਾਲ ਸਬੰਧਿਤ ਖੋਜ ਪਰਚੇ ਭੇਜੇ ਹਨ। ਸਮਾਰੋਹ ਵਿਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਸਿੱਖ ਐਜੂਕੇਸ਼ਨ ਕੌਂਸਲ, ਯੂ.ਕੇ. ਦੇ ਚੇਅਰਪਰਸਨ ਡਾ. ਪਰਗਟ ਸਿੰਘ ਨੇ ਕਿਹਾ ਕਿ ਅੰਤਰਰਾਸ਼ਟਰੀ ਪੱਧਰ ’ਤੇ ਗੁਰਬਾਣੀ ਦੀ ਸੇਧ ਅਤੇ ਸਿੱਖਿਆ ਨੂੰ ਸਥਾਪਿਤ ਕਰਨ ਦੀ ਲੋੜ ਹੈ । ਉਦਘਾਟਨੀ ਵਕਤਾ ਪ੍ਰੋ. ਡੀ.ਪੀ. ਸਿੰਘ, ਅਰਿਹੰਤਾ ਇੰਸਟੀਚਿਊਟ, ਕੈਲੇਫੋਰਨੀਆ, ਅਮਰੀਕਾ ਨੇ ਵਿਸ਼ਵ ਨੂੰ ਦਰਪੇਸ਼ ਸਮਕਾਲੀ ਚੁਨੌਤੀਆਂ ਦੇ ਹੱਲ ਲਈ ਗੁਰਬਾਣੀ ਤੋਂ ਸੇਧ ਲੈਣ ’ਤੇ ਜ਼ੋਰ ਦਿੱਤਾ। ਡੀਨ ਅਕਾਦਮਿਕ ਮਾਮਲੇ ਡਾ. ਸੁਖਵਿੰਦਰ ਸਿੰਘ ਬਿਲਿੰਗ ਨੇ ਸਵਾਗਤੀ ਸ਼ਬਦ ਸਾਂਝੇ ਕਰਦਿਆਂ ਕਾਨਫ਼ਰੰਸ ਦੀ ਪ੍ਰਬੰਧਕੀ ਟੀਮ ਅਤੇ ਸਿੱਖ ਐਜੂਕੇਸ਼ਨ ਕੌਂਸਲ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਗੁਰਬਾਣੀ ਦੇ ਵੱਖ-ਵੱਖ ਪੱਖਾਂ ਨੂੰ ਆਧਾਰ ਬਣਾ ਕੇ ਖੋਜ ਪਰਚੇ ਪੇਸ਼ ਕਰਨ ਵਾਲੇ ਡੈਲੀਗੇਟਸ ਦੀ ਸ਼ਲਾਘਾ ਕੀਤੀ। ਕਾਨਫ਼ਰੰਸ ਦੇ ਕਨਵੀਨਰ ਡਾ. ਹਰਦੇਵ ਸਿੰਘ ਨੇ ਕਾਨਫ਼ਰੰਸ ਦੇ ਉਦੇਸ਼ਾਂ ਅਤੇ ਅਕਾਦਮਿਕ ਮਹੱਤਤਾ ਬਾਰੇ ਚਾਨਣਾ ਪਾਇਆ, ਜਦਕਿ ਡਾ. ਸਿਕੰਦਰ ਸਿੰਘ ਨੇ ਧੰਨਵਾਦੀ ਮਤਾ ਪੇਸ਼ ਕੀਤਾ। ਕਾਨਫ਼ਰੰਸ ਦਾ ਪਹਿਲਾ ਅਕਾਦਮਿਕ ਸੈਸ਼ਨ ਆਨਲਾਈਨ ਕਰਵਾਇਆ ਗਿਆ, ਜਿਸ ਵਿਚ ਪੰਜਾਬ ਤੋਂ ਬਾਹਰਲੇ ਭਾਰਤੀ ਸੂਬਿਆਂ ਅਤੇ ਵਿਦੇਸ਼ਾਂ ਤੋਂ ਵਿਦਵਾਨਾਂ ਤੇ ਖੋਜਾਰਥੀਆਂ ਨੇ ਭਾਗ ਲੈਂਦਿਆਂ ਆਪਣੇ ਖੋਜ ਪਰਚੇ ਪੇਸ਼ ਕੀਤੇ। ਇਨ੍ਹਾਂ ਵਿਚ ਡਾ. ਰਵੇਲ ਸਿੰਘ ਦਿੱਲੀ ਯੂਨੀਵਰਸਿਟੀ, ਡਾ. ਪ੍ਰਦੁਮਨ ਸ਼ਾਹ ਸਿੰਘ ਬਨਾਰਸ ਹਿੰਦੂ ਯੂਨੀਵਰਸਿਟੀ, ਡਾ. ਅਬਦੁਲ ਰਜ਼ਾਕ ਵਰਲਡ ਪੰਜਾਬੀ ਸੈਂਟਰ ਲਾਹੌਰ ਪਾਕਿਸਤਾਨ, ਪ੍ਰੋ. ਸੁਜਿੰਦਰ ਸਿੰਘ ਸੰਘਾ ਸਟਾਰਟਨ ਰਿਵਰਸਾਈਡ ਕਾਲਜ ਯੂ.ਕੇ. ਅਤੇ ਡਾ. ਜਸਬੀਰ ਸਿੰਘ ਸਰਨਾ ਸੇਵਾਮੁਕਤ ਖੇਤੀਬਾੜੀ ਅਫ਼ਸਰ ਜੰਮੂ-ਕਸ਼ਮੀਰ ਸ਼ਾਮਲ ਸਨ। ਇਨ੍ਹਾਂ ਵਿਦਵਾਨਾਂ ਨੇ ਗੁਰਬਾਣੀ ਵਿਚ ਵਾਤਾਵਰਨ ਚੇਤਨਾ, ਸਰਬੱਤ ਦੇ ਭਲੇ ਅਤੇ ਅੰਤਰ-ਧਰਮ ਸੰਵਾਦ ਵਰਗੇ ਮਹੱਤਵਪੂਰਨ ਵਿਸ਼ਿਆਂ ’ਤੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਡਾ. ਅੰਕਦੀਪ ਕੌਰ ਅਟਵਾਲ, ਡਾਇਰੈਕਟਰ, ਅੰਦਰੂਨੀ ਗੁਣਵੱਤਾ ਭਰੋਸਾ ਸੈੱਲ ਨੇ ਸਵਾਗਤੀ ਸ਼ਬਦ ਸਾਂਝੇ ਕੀਤੇ। ਸੈਸ਼ਨ ਦਾ ਸੰਚਾਲਨ ਡਾ. ਬਲਜੀਤ ਕੌਰ ਨੇ ਕੀਤਾ ਅਤੇ ਅੰਤ ਵਿਚ ਡਾ. ਹਰਨੀਤ ਕੌਰ ਬਿਲਿੰਗ, ਡੀਨ, ਸਿੱਖਿਆ ਅਤੇ ਸੂਚਨਾ ਵਿਗਿਆਨ ਫੈਕਲਟੀ ਨੇ ਧੰਨਵਾਦੀ ਮਤਾ ਪੇਸ਼ ਕੀਤਾ। ਇਸ ਮੌਕੇ ਕਾਨਫ਼ਰੰਸ ਦੇ ਵੱਖ-ਵੱਖ ਸੈਕਸ਼ਨਾਂ ਦੇ ਕੋਆਰਡੀਨੇਟਰ ਡਾ. ਨਵ ਸ਼ਗਨ ਦੀਪ ਕੌਰ, ਮੁਖੀ, ਸਮਾਜ ਵਿਗਿਆਨ ਵਿਭਾਗ, ਡਾ. ਕਿਰਨਦੀਪ ਕੌਰ, ਧਰਮ ਅਧਿਐਨ ਵਿਭਾਗ, ਜਸਪ੍ਰੀਤ ਕੌਰ ਲੋਕ ਸੰਪਰਕ ਅਧਿਕਾਰੀ, ਡਾ. ਗੁਰਪ੍ਰੀਤ ਸਿੰਘ ਮੁਖੀ ਅਰਥਸ਼ਾਸਤਰ ਵਿਭਾਗ ਅਤੇ ਡਾ. ਚਰਨ ਕਮਲ ਸੇਖੋਂ ਜੀਵ ਵਿਗਿਆਨ ਵਿਭਾਗ ਸਮੇਤ ਹੋਰ ਅਧਿਆਪਕ ਵੀ ਹਾਜ਼ਰ ਸਨ। ਕਾਨਫ਼ਰੰਸ ਦੇ ਅਗਲੇ ਸੈਸ਼ਨਾਂ ਦੌਰਾਨ ਗੁਰਬਾਣੀ, ਸੰਗੀਤ, ਦਰਸ਼ਨ, ਸਮਾਜ, ਇਤਿਹਾਸ, ਸਭਿਆਚਾਰ, ਭਾਸ਼ਾ, ਸਾਹਿਤ ਅਤੇ ਅਨੁਵਾਦ ਸਮੇਤ ਵੱਖ-ਵੱਖ ਵਿਸ਼ਿਆਂ ’ਤੇ ਵਿਦਵਾਨਾਂ ਵਲੋਂ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।