ਬਟਾਲਾ, 3 ਜਨਵਰੀ (ਸਤਿੰਦਰ ਸਿੰਘ)-ਭੂਪਾਲ (ਮੱਧ ਪ੍ਰਦੇਸ਼) ਵਿਖੇ ਬੀਤੇ ਦਿਨੀਂ ਕਰਵਾਈ ਗਈ 68ਵੀਂ ਰਾਸ਼ਟਰੀ ਸ਼ੂਟਿੰਗ ਚੈਂਪੀਅਨਸ਼ਿਪ 2025-26 ਵਿਚ ਸਕੂਲ ਆਫ਼ ਐਮੀਨੈਂਸ ਬਟਾਲਾ ਦੀ 10+1 ਸ਼੍ਰੇਣੀ ਦੀ ਵਿਦਿਆਰਥਣ ਜਸਕੀਰਤ ਕੌਰ ਸੋਹਲ ਨੇ 10 ਮੀਟਰ ਰਾਈਫ਼ਲ ਸਬ-ਯੂਥ ਵੂਮੈਨ (ਆਈ. ਐੱਸ. ਐੱਸ. ਐਫ.) ਇੰਡਿਵਿਜੂਅਲ ਸ਼੍ਰੇਣੀ ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਭਾਰਤੀ ਸ਼ੂਟਿੰਗ ਟੀਮ ਟ੍ਰਾਇਲ ਲਈ ਆਪਣੀ ਚੋਣ ਯਕੀਨੀ ਬਣਾਈ ਹੈ | ਇਹ ਟ੍ਰਾਇਲ ਜਨਵਰੀ 2026 ਮਹੀਨੇ ਦੌਰਾਨ ਹੀ ਪੁਣੇ (ਮਹਾਰਾਸ਼ਟਰ) ਵਿਖੇ ਕਰਵਾਏ ਜਾਣਗੇ | ਸ਼ੂਟਿੰਗ ਦੀ ਹੋਣਹਾਰ ਖਿਡਾਰਨ ਜਸਕੀਰਤ ਕੌਰ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਅਤੇ ਪ੍ਰਾਪਤੀ ਨੇ ਸਕੂਲ ਆਫ਼ ਐਮੀਨੈਂਸ ਬਟਾਲਾ ਦੇ ਨਾਲ ਆਪਣੇ ਮਾਤਾ-ਪਿਤਾ, ਬਟਾਲਾ ਇਲਾਕੇ ਅਤੇ ਜ਼ਿਲ੍ਹਾ ਗੁਰਦਾਸਪੁਰ ਦਾ ਨਾਂਅ ਰਾਸ਼ਟਰੀ ਪੱਧਰ 'ਤੇ ਰੌਸ਼ਨ ਕੀਤਾ ਹੈ | ਸਕੂਲ ਦੇ ਪਿ੍ੰਸੀਪਲ ਸੁਨੀਤਾ ਸ਼ਰਮਾ, ਸਹਿਯੋਗੀ ਅਧਿਆਪਕਾਂ, ਸਟਾਫ਼ ਮੈਂਬਰਾਂ ਅਤੇ ਵਿਦਿਆਰਥੀਆਂ ਵਲੋਂ ਜਸਕੀਰਤ ਕੌਰ ਅਤੇ ਉਸ ਦੇ ਮਾਤਾ-ਪਿਤਾ ਨੂੰ ਮੁਬਾਰਕਾਂ ਦਿੰਦੇ ਹੋਏ ਕਿਹਾ ਹੈ ਕਿ ਜਸਕੀਰਤ ਕੌਰ ਨੇ ਆਪਣੇ ਹੁਨਰ, ਅਨੁਸ਼ਾਸਨ ਤੇ ਲਗਾਤਾਰ ਮਿਹਨਤ ਦਾ ਬੇਮਿਸਾਲ ਪ੍ਰਦਰਸ਼ਨ ਕੀਤਾ ਹੈ ਅਤੇ ਆਪਣੇ ਪਿਤਾ ਤੇ ਕੋਚ ਸ: ਗੁਰਦੇਵ ਸਿੰਘ ਦੀ ਰਹਿਨੁਮਾਈ ਹੇਠ ਸ਼ੇਰ-ਏ-ਪੰਜਾਬ ਸ਼ੂਟਿੰਗ ਅਕੈਡਮੀ ਬਟਾਲਾ ਵਲੋਂ ਦਿੱਤੀ ਜਾ ਰਹੀ ਸਿਖਲਾਈ ਅਤੇ ਬੁਲੰਦ ਹੌਂਸਲੇ ਨੇ ਉਸ ਦੀ ਸਫ਼ਲਤਾ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ | ਇਸ ਕਾਮਯਾਬੀ ਨਾਲ ਜਸਕੀਰਤ ਕੌਰ ਸੋਹਲ ਨੂੰ ਜਿੱਥੇ ਭਾਰਤੀ ਸ਼ੂਟਿੰਗ ਟੀਮ ਲਈ ਟ੍ਰਾਇਲ ਵਿਚ ਹਿੱਸਾ ਲੈਣ ਦਾ ਮੌਕਾ ਮਿਲਿਆ ਹੈ, ਉੱਥੇ ਹੀ ਭਵਿੱਖ ਵਿਚ ਸ਼ੂਟਿੰਗ ਖੇਡ ਦੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਲਈ ਆਪਣੇ-ਆਪ ਨੂੰ ਤਿਆਰ ਕਰਨ ਦਾ ਬਿਹਤਰੀਨ ਮੌਕਾ ਮਿਲੇਗਾ | ਇਸ ਮੌਕੇ ਜਸਕੀਰਤ ਕੌਰ ਸੋਹਲ ਨੇ ਆਪਣੀ ਇਸ ਸਫ਼ਲਤਾ ਲਈ ਸਕੂਲ ਦੇ ਪਿ੍ੰਸੀਪਲ, ਸਮੂਹ ਸਟਾਫ਼ ਮੈਂਬਰਾਂ, ਕੋਚ ਅਤੇ ਪਿਤਾ ਸ: ਜਗਦੇਵ ਸਿੰਘ ਤੇ ਪਰਿਵਾਰਕ ਮੈਂਬਰਾਂ ਦਾ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਭਵਿੱਖ ਵਿਚ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੇ ਸ਼ੂਟਿੰਗ ਮੁਕਾਬਲੇ ਵਿਚ ਜਿੱਤ ਕੇ ਪੰਜਾਬ ਤੇ ਦੇਸ਼ ਦਾ ਨਾਂਅ ਰੋਸ਼ਨ ਕਰਨਾ ਚਾਹੁੰਦੀ ਹੈ |