ਭੈਣੀ ਮੀਆਂ ਖਾਂ, 3 ਜਨਵਰੀ (ਜਸਬੀਰ ਸਿੰਘ ਬਾਜਵਾ)-ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਵਿਚ ਕਾਦੀਆਂ ਹਲਕੇ ਤੋਂ ਕਾਂਗਰਸ ਪਾਰਟੀ ਨੂੰ ਚੰਗਾ ਸਮਰਥਨ ਮਿਲਣ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਵਲੋਂ ਧੰਨਵਾਦੀ ਦੌਰੇ ਕੀਤੇ ਜਾ ਰਹੇ ਹਨ | ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਧੰਨਵਾਦੀ ਦੌਰੇ ਦੌਰਾਨ ਪਿੰਡ ਫੇਰੋਚੇਚੀ ਵਿਖੇ ਆਮ ਲੋਕਾਂ ਨੂੰ ਸੰਬੋਧਨ ਕਰਦਿਆਂ ਪਿੰਡ ਅਤੇ ਹਲਕੇ ਅੰਦਰ ਕਾਂਗਰਸ ਪਾਰਟੀ ਨੂੰ ਚੰਗਾ ਸਮਰਥਨ ਦੇਣ ਉੱਤੇ ਵੋਟਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਉਨ੍ਹਾਂ ਦਾਅਵਾ ਕੀਤਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਉਨ੍ਹਾਂ ਦੀ ਪਾਰਟੀ ਪੰਜਾਬ ਭਰ ਵਿਚ ਵੱਡਾ ਲੋਕ ਸਮਰਥਨ ਹਾਸਲ ਕਰਨ ਜਾ ਰਹੀ ਹੈ | ਸੂਬੇ ਅੰਦਰ ਉਨ੍ਹਾਂ ਦੀ ਸਰਕਾਰ ਬਨਣ ਉੱਤੇ ਹਾਈਕਮਾਂਡ ਉਨ੍ਹਾਂ ਨੂੰ ਕੋਈ ਵੱਡੀ ਜ਼ਿੰਮੇਵਾਰੀ ਸੌਂਪਣਗੇ | ਉਨ੍ਹਾਂ ਇਹ ਵੀ ਕਿਹਾ ਕਿ ਸੂਬੇ ਅੰਦਰ ਉਨ੍ਹਾਂ ਦੀ ਸਰਕਾਰ ਬਨਣ ਉੱਤੇ ਪੰਜਾਬ ਦੇ ਵਿਕਾਸ ਲਈ ਉਹ ਹਰ ਲੋੜੀਂਦਾ ਕਦਮ ਚੁੱਕਣ ਲਈ ਵਚਨਬਧ ਹੋਣਗੇ | ਉਨ੍ਹਾਂ ਕਿਹਾ ਕਿ ਯੂਰੇਸ਼ੀਆਂ ਤੱਕ ਸੜਕੀ ਵਪਾਰਕ ਰਸਤਾ ਬੰਦ ਹੋਣ ਕਾਰਨ ਦੇਸ਼ ਨੂੰ ਨੁਕਸਾਨ ਉਠਾਉਣਾ ਪੈ ਰਿਹਾ ਹੈ | ਉਥੇ ਸਿਲਕ ਰੂਟ ਖੁੱਲਣ 'ਤੇ ਪੰਜਾਬ ਵਪਾਰਕ ਕੇਂਦਰ ਬਨਣ ਨਾਲ ਫਿਰ ਤੋਂ ਤਰੱਕੀ ਦੀਆਂ ਬੁਲੰਦੀਆਂ ਉੱਤੇ ਪਹੁੰਚੇਗਾ | ਅੱਜ ਸ: ਬਾਜਵਾ ਵਲੋਂ ਪਿੰਡ ਨਾਨੋਵਾਲ ਖੁਰਦ, ਜੀਂਦੜ, ਫੇਰੋਚੇਚੀ, ਦਤਾਰਪੁਰ, ਗੁੰਨੋਪੁਰ, ਕੋਟ ਖਾਂ ਮੁਹੰਮਦ, ਧੱਕੜ, ਭੈਣੀ ਖਾਦਰ ਅਤੇ ਰਾਜਪੁਰਾ ਪਿੰਡਾਂ ਦਾ ਦੌਰਾ ਕੀਤਾ | ਇਸ ਮੌਕੇ ਬਲਾਕ ਪ੍ਰਧਾਨ ਠਾਕੁਰ ਕੁਲਵੰਤ ਸਿੰਘ ਭੈਣੀ ਖਾਦਰ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਭੁਪਿੰਦਰ ਸਿੰਘ ਗੁੰਨੋਪੁਰ, ਰਾਜੂ ਮਾਲੀਆ, ਪੰਚਾਇਤ ਸੰਮਤੀ ਮੈਂਬਰ ਉੱਤਮ ਸਿੰਘ ਗਿੱਲ, ਇਕਬਾਲ ਸਿੰਘ ਜੀਂਦੜ, ਸਰਪੰਚ ਸਤਨਾਮ ਸਿੰਘ ਪਹਿਲਵਾਨ ਫੇਰੋਚੇਚੀ, ਸਰਪੰਚ ਸਿਮਰਨਜੋਤ ਸਿੰਘ ਸਾਬੀ ਨਾਨੋਵਾਲ ਖੁਰਦ, ਸਾਬਕਾ ਸਰਪੰਚ ਦਲਜੀਤ ਸਿੰਘ, ਜੋਗਿੰਦਰ ਸਿੰਘ ਨਾਨੋਵਾਲੀਆ, ਸਾ. ਸਰਪੰਚ ਹਰਦੀਪ ਸਿੰਘ ਜੀਂਦੜ, ਸਾ. ਸਰਪੰਚ ਅਵਤਾਰ ਸਿੰਘ ਪੱਤੀ ਜੀਂਦੜ, ਅੰਮਿ੍ਤਪਲ ਸਿੰਘ ਸੈਣੀ, ਸਾ. ਸਰਪੰਚ ਨਿਸ਼ਾਨ ਸਿੰਘ ਦਤਾਰਪੁਰ, ਸਰਪੰਚ ਬਲਬੀਰ ਸਿੰਘ ਧੱਕੜ, ਕੈਪਟਨ ਸਵਿੰਦਰ ਸਿੰਘ ਚੋਚਨਾ, ਸਾ. ਸਰਪੰਚ ਮੱਖਣ ਸਿੰਘ ਰਾਜਪੁਰਾ, ਸਾ. ਸਰਪੰਚ ਬਲਵਿੰਦਰ ਸਿੰਘ, ਪਾਸਟਰ ਰਫੀਕ ਮਸੀਹ, ਰਵਿੰਦਰ ਸਿੰਘ ਬਾਜਵਾ, ਸਾ. ਸਰਪੰਚ ਦਵਿੰਦਰ ਸਿੰਘ ਮੂਲਵਾਲ, ਗੁਰਜੀਤ ਸਿੰਘ ਬਾਜਵਾ ਅਤੇ ਠਾਕੁਰ ਪ੍ਰਸ਼ੋਤਮ ਸਿੰਘ ਆਦਿ ਹਾਜ਼ਰ ਸਨ |