ਗੁਰਦਾਸਪੁਰ, 31 ਜਨਵਰੀ (ਗੁਰਪ੍ਰਤਾਪ ਸਿੰਘ)-ਸਾਬਕਾ ਸੈਨਿਕ ਸਰਬ ਸਾਂਝੀ ਕਮੇਟੀ ਪੰਜਾਬ ਵਲੋਂ ਸਾਬਕਾ ਸੈਨਿਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ | ਇਸ ਸੰਬੰਧੀ ਕਮੇਟੀ ਦੇ ਪ੍ਰਧਾਨ ਗੁਰਦੀਪ ਸਿੰਘ ਟਾਂਡਾ ਤੇ ਕਮੇਟੀ ਦੇ ਮੁੱਖ ਬੁਲਾਰੇ ਤਰਸੇਮ ਸਹੋਤਾ ਨੇ ਦੱਸਿਆ ਕਿ ਸਾਬਕਾ ਸੈਨਿਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਦੇ ਸੰਬੰਧ ਵਿਚ ਸੂਬੇ ਦੇ ਸਾਰੇ ਜ਼ਿਲਿ੍ਹਆਂ ਅੰਦਰ ਜਿਲਾ ਪ੍ਰਧਾਨਾਂ ਦੀ ਅਗਵਾਈ ਹੇਠ ਸਾਬਕਾ ਸੈਨਿਕ ਸਰਬ ਸਾਂਝੀ ਕਮੇਟੀ ਵਲੋਂ ਡਿਪਟੀ ਕਮਿਸ਼ਨਰਾਂ ਨੂੰ ਸੂਬਾ ਸਰਕਾਰ ਤੇ ਸੈਂਟਰ ਸਰਕਾਰ ਦੇ ਨਾਂਅ 'ਤੇ ਮੰਗ-ਪੱਤਰ ਦਿੱਤੇ ਜਾਣਗੇ | ਉਨ੍ਹਾਂ ਦੱਸਿਆ ਕਿ ਇਸ ਮੌਕੇ ਆਪਣੀਆਂ ਮੰਗਾਂ ਸਬੰਧੀ ਪੰਜਾਬ ਦੇ ਰਾਜਪਾਲ ਨੂੰ ਮਿਲਣ ਲਈ ਵੀ ਮੰਗ ਰੱਖੀ ਜਾਵੇਗੀ | ਉਨ੍ਹਾਂ ਦੱਸਿਆ ਕਿ ਦੇਸ਼ ਦੇ ਗ੍ਰਹਿ ਮੰਤਰੀ ਫਰਵਰੀ ਮਹੀਨੇ ਪੰਜਾਬ ਆ ਰਹੇ ਹਨ, ਜਿਨ੍ਹਾਂ ਨੂੰ ਸੱਤਵੇਂ ਪੇਅ ਕਮਿਸ਼ਨ ਵਿਚ ਜਵਾਨਾਂ ਅਤੇ ਜੇ. ਸੀ. ਓਜ਼ ਨਾਲ ਹੋਏ ਧੱਕੇ ਸੰਬੰਧੀ ਮੰਗ ਪੱਤਰ ਦਿੱਤਾ ਜਾਵੇਗਾ ਅਤੇ ਮੰਗ ਕੀਤੀ ਜਾਵੇਗੀ ਕਿ ਅੱਠਵੇਂ ਪੇਅ ਕਮਿਸ਼ਨ ਵਿਚ ਇਸ ਨੂੰ ਸਹੀ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਜੇ ਗ੍ਰਹਿ ਮੰਤਰੀ ਸਾਬਕਾ ਸੈਨਿਕਾਂ ਦਾ ਮੰਗ ਪੱਤਰ ਨਹੀਂ ਲੈਂਦੇ ਹਨ ਤਾਂ ਪੂਰੇ ਸੂਬੇ ਦੇ ਸਾਬਕਾ ਸੈਨਿਕਾਂ ਨੂੰ ਨਾਲ ਲੈ ਕੇ ਗ੍ਰਹਿ ਮੰਤਰੀ ਦਾ ਘਿਰਾਓ ਕੀਤਾ ਜਾਵੇਗਾ |