ਹਰਚੋਵਾਲ, 1 ਫਰਵਰੀ (ਢਿੱਲੋਂ, ਭਾਮ)-ਪਿੰਡ ਭਾਮ ਨੇੜੇ ਨਹਿਰੀ ਵਿਭਾਗ ਵਲੋਂ ਰਜਬਾਹੇ ਨੂੰ ਕੰਕਰੀਟ ਨਾਲ ਬਣਾਉਣ ਦਾ ਕੰਮ ਚੱਲ ਰਿਹਾ ਹੈ ਤੇ ਰਜਬਾਹੇ ਦੀ ਪਟੜੀ 'ਤੇ ਇੱਟਾਂ ਨਾਲ ਬਣੇ ਪੱਕੇ ਰਸਤੇ ਧੜਾਧੜ ਪੁੱਟੇ ਜਾ ਰਹੇ ਹਨ, ਜਿਸ ਦਾ ਭਾਮ ਪਿੰਡ ਦੇ ਲੋਕਾਂ ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਜਿਸ 'ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਇਕਾਈ ਹਰਚੋਵਾਲ ਤੇ ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਆਗੂਆਂ ਵਲੋਂ ਵਿਰੋਧ ਸ਼ੁਰੂ ਕਰ ਦਿੱਤਾ ਗਿਆ ਹੈ | ਪਿੰਡ ਭਾਮ ਦੇ ਡੇਰਿਆਂ 'ਤੇ ਰਹਿੰਦੇ ਲੋਕਾਂ ਵਲੋਂ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਸਾਡੇ ਘਰਾਂ ਨੂੰ ਜੋ ਰਸਤਾ ਨਹਿਰ ਦੀ ਪਟੜੀ ਤੋਂ ਜਾਂਦਾ ਹੈ, ਉਹ ਉਨ੍ਹਾਂ ਨੇ ਬੜੀ ਜੱਦੋ-ਜ਼ਹਿਦ ਕਰਕੇ ਕਾਂਗਰਸ ਸਰਕਾਰ ਵੇਲੇ ਨਹਿਰ ਦੀ ਪਟੜੀ ਪੱਕੀ ਕਰਵਾਈ ਸੀ, ਪਰ ਹੁਣ ਨਹਿਰੀ ਵਿਭਾਗ ਵਲੋਂ ਨਹਿਰ ਪੱਕੀ ਕਰਨ ਦੀ ਆਹਰ ਹੇਠ ਇਹ ਪੱਕਾ ਬਣਿਆ ਰਸਤਾ ਪੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਇਹ ਪੱਕੀ ਪਟੜੀ ਪੁੱਟਣ ਨਾਲ ਉਨ੍ਹਾਂ ਦਾ ਲਿੰਕ ਸਾਰੇ ਪਾਸਿਆਂ ਤੋਂ ਟੁੱਟ ਜਾਵੇਗਾ | ਕਿਸਾਨ ਜਥੇਬੰਦੀਆਂ ਤੇ ਪੀੜਤ ਲੋਕਾਂ ਨੇ ਪੰਜਾਬ ਸਰਕਾਰ ਤੇ ਡੀ.ਸੀ. ਗੁਰਦਾਸਪੁਰ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਮਸਲੇ ਦੇ ਹੱਲ ਹੋਣ ਤੱਕ ਇਸ ਪਟੜੀ ਨੂੰ ਨਾ ਪੁੱਟਿਆ ਜਾਵੇ ਅਤੇ ਜੇਕਰ ਨਹਿਰੀ ਵਿਭਾਗ ਨੇ ਜ਼ਬਰਦਸਤੀ ਇਸ ਪਟੜੀ ਨੂੰ ਪੁੱਟਣ ਦੀ ਕੋਸ਼ਿਸ਼ ਕੀਤੀ ਤਾਂ ਉਹ ਪਰਿਵਾਰਾਂ ਸਮੇਤ ਨਹਿਰ ਦੀ ਪਟੜੀ 'ਤੇ ਪੱਕਾ ਧਰਨਾ ਲਗਾਉਣ ਲਈ ਮਜਬੂਰ ਹੋਣਗੇ, ਜਿਸ ਦੀ ਸਾਰੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਤੇ ਨਹਿਰੀ ਵਿਭਾਗ ਦੀ ਹੋਵੇਗੀ | ਇਸ ਮੌਕੇ ਕਸ਼ਮੀਰ ਸਿੰਘ ਤੁਗਲਵਾਲ, ਭਾਈ ਜਗਤਾਰ ਸਿੰਘ ਖਾਲਸਾ, ਜਥੇਦਾਰ ਬਖਸ਼ੀਸ਼ ਸਿੰਘ, ਸੋਨੂੰ ਅÏਲਖ, ਬਖਸ਼ੀਸ਼ ਸਿੰਘ ਹਰਚੋਵਾਲ, ਜਥੇਦਾਰ ਜਸਬੀਰ ਸਿੰਘ, ਰਾਜਵਿੰਦਰ ਸਿੰਘ ਰਾਜਾ ਪ੍ਰਧਾਨ, ਜਥੇਦਾਰ ਕੁਲਦੀਪ ਸਿੰਘ ਮੂੜ, ਸੁਖਦੇਵ ਸਿੰਘ, ਰਵੇਲ ਸਿੰਘ, ਜਰਨੈਲ ਸਿੰਘ, ਮੱਘਰ ਸਿੰਘ, ਰਣਜੀਤ ਸਿੰਘ, ਕੁਲਵੰਤ ਸਿੰਘ, ਹਰਪ੍ਰੀਤ ਸਿੰਘ, ਜਪਪ੍ਰੀਤ ਸਿੰਘ, ਬਿਕਰਮਜੀਤ ਸਿੰਘ, ਡਾਕਟਰ ਕੇਵਲ ਸਿੰਘ, ਸਰਪੰਚ ਹਰਭੇਜ ਸਿੰਘ ਭਾਮ, ਹਰਦੇਵ ਸਿੰਘ ਸੰਮਤੀ ਮੈਂਬਰ, ਅਮਰੀਕ ਸਿੰਘ, ਤਰਸੇਮ ਸਿੰਘ, ਸਤਨਾਮ ਸਿੰਘ ਪਨੂੰ, ਲਖਵਿੰਦਰ ਸਿੰਘ, ਅਮਨਦੀਪ ਸਿੰਘ ਰੰਧਾਵਾ, ਨਵਜੀਤ ਸਿੰਘ ਤੁਗਲਵਾਲ, ਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ |