ਬਟਾਲਾ, 2 ਫਰਵਰੀ (ਰਾਕੇਸ਼ ਰੇਖੀ)-ਹਾਈਵੇ 'ਤੇ ਖਰਾਬ ਹੋਏ ਟਰੱਕ ਦੀ ਮੁਰੰਮਤ ਲਈ ਮਕੈਨਿਕ ਲੈਣ ਗਏ ਡਰਾਈਵਰ ਦੇ ਮਗਰੋਂ ਅਣਪਛਾਤੇ ਚੋਰ ਟਰੱਕ ਚੋਰੀ ਕਰ ਕੇ ਲੈ ਗਏ | ਥਾਣਾ ਸੇਖਵਾਂ ਦੇ ਏ.ਐਸ.ਆਈ. ਸਤਵਿੰਦਰ ਸਿੰਘ ਨੇ ਦੱਸਿਆ ਕਿ ਸਰਤਾਜ਼ ਸਿੰਘ ਵਾਸੀ ਸੁਹਾਵਾਂ ਜ਼ਿਲ੍ਹਾ ਤਰਨਤਾਰਨ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਟਰੱਕ ਡਰਾਈਵਰੀ ਕਰਦਾ ਹੈ ਤੇ ਪਠਾਨਕੋਟ ਤੋਂ ਬੱਜਰੀ ਭਰ ਕੇ ਤਰਨਤਾਰਨ ਰੂਟ 'ਤੇ ਚਲਦਾ ਹੈ | ਬੀਤੇ ਦਿਨ ਸ਼ਾਮ ਨੂੰ ਕਰੀਬ 5 ਵਜੇ ਉੁਹ ਤਰਤਾਰਨ ਤੋਂ ਪਠਾਨਕੋਟ ਬੱਜਰੀ ਲੈਣ ਜਾ ਰਿਹਾ ਸੀ ਕਿ ਕਰੀਬ 8:30 ਵਜੇ ਜਦੋਂ ਉਹ ਨੌਸ਼ਹਿਰਾ ਮੱਝਾ ਸਿੰਘ ਨੇੜੇ ਪਹੁੰਚਿਆ ਤਾਂ ਅਚਾਨਕ ਟਰੱਕ ਵਿਚ ਕੋਈ ਤਕਨੀਕੀ ਖਰਾਬੀ ਆ ਜਾਣ ਨਾਲ ਟਰੱਕ ਖੜ੍ਹਾ ਹੋ ਗਿਆ | ਉਹ ਟਰੱਕ ਦੀ ਮੁਰੰਮਤ ਲਈ ਮਕੈਨਿਕ ਲੈਣ ਵਾਸਤੇ ਨੌਸ਼ਹਿਰਾ ਮੱਝਾ ਸਿੰਘ ਵੱਲ ਗਿਆ, ਪਰ ਰਾਤ ਹੋਣ ਕਰਕੇ ਕੋਈ ਮਕੈਨਿਕ ਨਹੀਂ ਮਿਲਿਆ | ਜਦੋਂ ਉਹ ਵਾਪਸ ਆਇਆ ਤਾਂ ਉਸ ਦਾ ਟਰੱਕ ਆਪਣੀ ਜਗ੍ਹਾ 'ਤੇ ਨਹੀ ਸੀ, ਕੋਈ ਅਣਪਛਾਤਾ ਚੋਰ ਟਰੱਕ ਚੋਰੀ ਕਰਕੇ ਲੈ ਗਿਆ | ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ ਅਣਪਛਾਤੇ ਚੋਰਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ |