ਗੁਰਦਾਸਪੁਰ, 4 ਫਰਵਰੀ (ਪੰਕਜ ਸ਼ਰਮਾ)-ਪੰਡਿਤ ਮੋਹਨ ਲਾਲ ਐਸ ਡੀ ਕਾਲਜ ਫ਼ਾਰ ਵੁਮੈਨ ਦੇ ਪੰਜਾਬੀ ਵਿਭਾਗ ਵਲੋਂ ਸੰਤ ਸ਼੍ਰੋੋਮਣੀ ਗੁਰੂ ਰਵਿਦਾਸ ਜੀ ਦੀ 649ਵੀਂ ਜਨਮ ਸ਼ਤਾਬਦੀ ਦੇ ਪਾਵਨ ਮੌਕੇ 'ਤੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਇਸ ਮੌਕੇ ਪਿ੍ੰਸੀਪਲ ਮੈਡਮ ਡਾ: ਨੀਰੂ ਸ਼ਰਮਾ ਨੇ ਦੱਸਿਆ ਕਿ ਸਮਾਗਮ ਦਾ ਉਦੇਸ਼ ਵਿਦਿਆਰਥਣਾਂ ਨੂੰ ਗੁਰੂ ਰਵਿਦਾਸ ਜੀ ਦੇ ਜੀਵਨ, ਉਪਦੇਸ਼ਾਂ ਤੇ ਸਮਾਜਿਕ ਦਰਸ਼ਨ ਨਾਲ ਜਾਣੂ ਕਰਵਾਉਣਾ ਸੀ | ਪ੍ਰੋਗਰਾਮ ਦੌਰਾਨ ਪੰਜਾਬੀ ਵਿਭਾਗ ਦੇ ਮੁਖੀ ਡਾ: ਸੁਖਵਿੰਦਰ ਕੌਰ ਨੇ ਗੁਰੂ ਰਵਿਦਾਸ ਜੀ ਦੇ ਸਮਾਨਤਾ, ਸਾਂਝੀਵਾਲਤਾ ਤੇ ਮਨੁੱਖੀ ਮੁੱਲਾਂ 'ਤੇ ਆਧਾਰਿਤ ਵਿਚਾਰਾਂ 'ਤੇ ਚਾਨਣ ਪਾਇਆ | ਇਸ ਮੌਕੇ ਕਮਲੇਸ਼ ਕੁਮਾਰੀ ਨੇ ਵੀ ਗੁਰੂ ਰਵਿਦਾਸ ਜੀ ਦੀ ਬਾਣੀ ਤੇ ਉਨ੍ਹਾਂ ਦੇ ਅਧਿਆਤਮਿਕ ਮਹੱਤਵ 'ਤੇ ਵਿਚਾਰ ਸਾਂਝੇ ਕੀਤੇ | ਸਮਾਗਮ 'ਚ ਵਿਦਿਆਰਥਣਾਂ ਦੀ ਭਾਗੀਦਾਰੀ ਵੀ ਸਰਾਹਣਯੋਗ ਰਹੀ | ਕੁਮਾਰੀ ਜੈਸਮੀਨ ਕੌਰ ਤੇ ਸਹਿਜਦੀਪ ਕੌਰ ਨੇ ਗੁਰੂ ਰਵਿਦਾਸ ਜੀ ਦੇ ਜੀਵਨ ਅਤੇ ਫ਼ਲਸਫ਼ੇ 'ਤੇ ਆਪਣੇ ਵਿਚਾਰ ਸਾਂਝੇ ਕੀਤੇ | ਪਿ੍ੰਸੀਪਲ ਨੇ ਕਿਹਾ ਕਿ ਗੁਰੂ ਰਵਿਦਾਸ ਜੀ ਦਾ ਜੀਵਨ ਸਾਨੂੰ ਸਚਾਈ, ਨਿਮਰਤਾ ਤੇ ਸਮਾਜਿਕ ਸਦਭਾਵਨਾ ਦਾ ਪਾਠ ਪੜ੍ਹਾਉਂਦਾ ਹੈ | ਪ੍ਰੋਗਰਾਮ ਦੇ ਅੰਤ ਵਿਚ ਭਾਗੀਦਾਰ ਵਿਦਿਆਰਥਣਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ |