ਗੁਰਦਾਸਪੁਰ, 4 ਫਰਵਰੀ (ਗੁਰਪ੍ਰਤਾਪ ਸਿੰਘ)-ਅੱਜ ਸਥਾਨਿਕ ਸ਼ਹਿਰ ਦੇ ਸ਼ਹੀਦ ਕਾਮਰੇਡ ਅਮਰੀਕ ਸਿੰਘ ਯਾਦਗਾਰ ਹਾਲ ਵਿਖੇ ਕੇਂਦਰ ਸਰਕਾਰ ਵਲੋਂ ਲਿਆਂਦੇ ਚਾਰ ਲੇਬਰ ਕੋਡਾਂ ਅਤੇ ਨਿੱਜੀਕਰਨ ਦੀਆਂ ਨੀਤੀਆਂ ਦੇ ਵਿਰੋਧ ਵਿਚ ਵੱਖ-ਵੱਖ ਯੂਨੀਅਨਾਂ ਅਤੇ ਜਥੇਬੰਦੀਆਂ ਦੀ ਅਹਿਮ ਮੀਟਿੰਗ ਹੋਈ | ਇਸ ਮੀਟਿੰਗ ਵਿਚ 12 ਫਰਵਰੀ ਨੂੰ ਦਿੱਤੇ ਦੇਸ਼ ਵਿਆਪੀ ਹੜਤਾਲ ਦੇ ਸੱਦੇ ਨੂੰ ਪੂਰਨ ਤੌਰ 'ਤੇ ਸਫਲ ਬਣਾਉਣ ਲਈ ਰਣਨੀਤੀ ਉਲੀਕੀ ਗਈ | ਜਥੇਬੰਦੀਆਂ ਦੇ ਆਗੂਆਂ ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼ ਇਫਟੂ ਤੋਂ ਜੋਗਿੰਦਰ ਪਾਲ ਪਨਿਆੜ, ਸੁਖਦੇਵ ਰਾਜ ਬਹਿਰਾਮਪੁਰ, ਪੇਂਡੂ ਮਜ਼ਦੂਰ ਯੂਨੀਅਨ ਦੇ ਰਾਜ ਕੁਮਾਰ ਪੰਡੋਰੀ, ਮਿਡ ਡੇ ਮੀਲ ਵਰਕਰ ਯੂਨੀਅਨ ਦੇ ਗੁਰਪ੍ਰੀਤ ਕੌਰ, ਡੀ ਐਮ ਐਫ ਦੇ ਬਲਵਿੰਦਰ ਕੌਰ ਅਤੇ ਸਾਬਕਾ ਮੁਲਾਜ਼ਮ ਆਗੂ ਮਾਸਟਰ ਅਮਰਜੀਤ ਸ਼ਾਸਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ 44 ਕਿਰਤ ਕਾਨੂੰਨਾਂ ਨੂੰ ਖਤਮ ਕਰਕੇ ਬਣਾਏ 4 ਲੇਬਰ ਕੋਡ ਮਜ਼ਦੂਰਾਂ ਦੀ ਗ਼ੁਲਾਮੀ ਦੇ ਦਸਤਾਵੇਜ਼ ਹਨ | ਇਨ੍ਹਾਂ ਨਾਲ ਮਜ਼ਦੂਰਾਂ ਦੇ ਸੰਘਰਸ਼ ਰਾਹੀਂ ਲਏ ਹੱਕ ਖੋਹੇ ਜਾ ਰਹੇ ਹਨ | ਆਗੂਆਂ ਨੇ ਸਰਕਾਰੀ ਅਦਾਰਿਆਂ ਦੇ ਨਿੱਜੀਕਰਨ ਦੀ ਸਖ਼ਤ ਨਿਖੇਧੀ ਕੀਤੀ | ਮੀਟਿੰਗ ਵਿਚ ਮੰਗ ਕੀਤੀ ਕਿ ਮਹਿੰਗਾਈ ਦੇ ਦੌਰ ਵਿਚ ਮਜ਼ਦੂਰਾਂ ਦੀ ਘੱਟੋ-ਘੱਟ ਉਜਰਤ 'ਚ ਵਾਧਾ ਕੀਤਾ ਜਾਵੇ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ | ਆਗੂਆਂ ਕਿਹਾ ਕਿ ਸਰਕਾਰ ਕਾਰਪੋਰੇਟ ਘਰਾਨਿਆਂ ਨੂੰ ਫ਼ਾਇਦਾ ਪਹੁੰਚਾਉਣ ਲਈ ਕਿਰਤ ਕਾਨੂੰਨਾਂ 'ਚ ਬਦਲਾਅ ਕਰ ਰਹੀ ਹੈ | ਉਨ੍ਹਾਂ ਕਿਹਾ ਕਿ 12 ਫਰਵਰੀ ਦੀ ਹੜਤਾਲ ਸਿਰਫ਼ ਇਕ ਰੋਸ ਪ੍ਰਦਰਸ਼ਨ ਨਹੀਂ, ਸਗੋਂ ਹੱਕਾਂ ਦੀ ਰਾਖੀ ਲਈ ਵੱਡੀ ਜੰਗ ਦਾ ਆਗਾਜ਼ ਹੋਵੇਗਾ | ਮੀਟਿੰਗ ਵਿਚ ਫ਼ੈਸਲਾ ਲਿਆ ਕਿ 12 ਫਰਵਰੀ ਨੂੰ ਸਾਰੇ ਉਦਯੋਗਿਕ ਖੇਤਰਾਂ, ਦਫ਼ਤਰਾਂ ਅਤੇ ਅਦਾਰਿਆਂ ਵਿਚ ਮੁਕੰਮਲ ਕੰਮਕਾਜ ਠੱਪ ਰੱਖਿਆ ਜਾਵੇਗਾ ਅਤੇ ਜ਼ਿਲ੍ਹਾ ਪੱਧਰ 'ਤੇ ਵੱਡੇ ਰੋਸ ਮੁਜ਼ਾਹਰੇ ਕੀਤੇ ਜਾਣਗੇ | ਇਸ ਮੌਕੇ ਕੇਂਦਰ ਸਰਕਾਰ ਵਲੋਂ ਲਿਆਂਦੇ ਜਾ ਰਹੇ ਬਿਜਲੀ ਸੋਧ ਬਿੱਲ ਅਤੇ ਬੀਜ ਬਿੱਲ ਦੀ ਵੀ ਨਿਖੇਧੀ ਕੀਤੀ ਗਈ | ਇਸ ਮੌਕੇ ਜੋਗਿੰਦਰ ਪਾਲ ਘੁਰਾਲਾ, ਗੁਰਮੀਤ ਰਾਜ ਪਾਹੜਾ, ਰਿੰਕੂ, ਜੋਤੀ ਲਾਲ, ਮੇਜਰ ਸਿੰਘ ਕੋਟ ਅਡਰਮਲ, ਸੁਰਿੰਦਰਪਾਲ ਰਾਮਨਗਰ, ਪਵਨ ਕੁਮਾਰ ਸ਼ੇਰਪੁਰ, ਰੂਪ ਲਾਲ ਮੁਸਤਫਾਬਾਦ, ਮੇਲਾ ਰਾਮ ਅਤੇ ਵੱਸਣ ਸਿੰਘ ਆਦਿ ਹਾਜ਼ਰ ਸਨ |