ਧਾਰੀਵਾਲ, 5 ਫਰਵਰੀ (ਜੇਮਸ ਨਾਹਰ )-ਸਥਾਨਕ ਕਾਲਜ ਹਿੰਦੂ ਕੰਨਿਆ ਮਹਾਵਿਦਿਆਲਾ ਧਾਰੀਵਾਲ ਵਿਖ਼ੇ ਅੱਜ ਪੰਜਾਬ ਐਂਡ ਚੰਡੀਗੜ ੍ਹਕਾਲਜ ਟੀਚਰ ਯੂਨੀਅਨ (ਪੀਸੀਸੀਟੀਯੂ) ਧਾਰੀਵਾਲ ਵਲੋਂ ਮੰਗਾਂ ਪੂਰੀਆਂ ਨਾ ਹੋਣ ਕਾਰਨ ਕਾਲਜ ਵਿਖੇ ਕਾਲਜ ਪ੍ਰਬੰਧਕਾਂ ਦੀਆਂ ਮਾਨਮਾਨੀਆ ਦੇ ਖ਼ਿਲਾਫ਼ ਇਕ ਪੀਰਿਅਡ ਦੀ ਹੜਤਾਲ ਕਰ ਕੇ ਰੋਸ ਪ੍ਰਗਟਾਇਆ ਗਿਆ | ਰੋਸ ਧਰਨਾਕਾਰੀਆਂ ਵਿਚ ਡਾਕਟਰ ਹਰਜਿੰਦਰ ਕੌਰ, ਡਾਕਟਰ ਸੀਮਾ ਸੈਣੀ, ਪ੍ਰੋਫੈਸਰ ਮਨਿੰਦਰਜੀਤ ਕੌਰ, ਲਾਈਬ੍ਰੇਰੀਅਨ ਸੁਮਨ ਬਾਲਾ, ਪ੍ਰੋਫੈਸਰ ਦੀਪ ਕੁਮਾਰ ਪ੍ਰਧਾਨ ਪੰਜਾਬ ਚੰਡੀਗੜ੍ਹਟੀਚਰ ਯੂਨੀਅਨ ਜ਼ੋਨ ਧਾਰੀਵਾਲ, ਡਾਕਟਰ ਮਨਜੀਤ ਸਿੰਘ ਸੈਕਰਟਰੀ ਯੂਨਿਟ ਧਾਰੀਵਾਲ ਆਦਿ ਨੇ ਕਿਹਾ ਕੇ ਜੇਕਰ ਉਪਰੋਕਤ ਮੰਗਾਂ ਨੂੰ ਨਿਰਧਾਰਤ ਸਮੇਂ ਅੰਦਰ ਨਾ ਮੰਨਿਆ ਗਿਆ ਤਾਂ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਅਸੀਂ ਹਿੰਦੂ ਕੰਨਿਆ ਮਹਾਵਿਦਿਆਲਯਾ ਧਾਰੀਵਾਲ ਵਿਚ ਬਤੌਰ ਅਸਿਸਟੈਂਟ ਪ੍ਰੋਫੈਸਰ (ਗ੍ਰਾਂਟ-ਇਨ-ਏਡ) ਵਜੋਂ ਕੰਮ ਕਰ ਰਹੇ ਹਾਂ | ਸਾਨੂੰ ਕਾਫੀ ਲੰਮੇ ਸਮੇਂ ਤੋਂ ਮੈਨੇਜਮੈਂਟ ਨਾਲ ਮਿਲ ਕੇ ਕਾਰਜਕਾਰੀ ਪਿ੍ੰਸੀਪਲ ਵਲੋਂ ਡੀ.ਪੀ.ਆਈ. ਸਟਾਫ ਨੂੰ ਤੰਗ-ਪਰੇਸ਼ਾਨ ਕੀਤਾ ਜਾ ਰਿਹਾ ਹੈ, ਜੋ ਕਿ ਖੁਦ ਵੀ 1925 ਡੀ.ਪੀ.ਆਈ. ਆਸਾਮੀ 'ਤੇ ਕੰਮ ਕਰ ਰਹੇ ਹਨ | ਸਾਨੂੰ ਨਿੱਤ ਦਿਨ ਆ ਰਹੀਆਂ ਮੁਸ਼ਕਲਾਂ ਵਿਚ ਸੀਨੀਆਰਟੀ ਨੂੰ ਅਣਡਿੱਠਾ ਕਰ ਕੇ ਚੌਥੇ ਨੰਬਰ 'ਤੇ ਕੰਮ ਕਰ ਰਹੇ ਅਸਿਸਟੈਂਟ ਪ੍ਰੋਫੈਸਰ ਨੂੰ ਕਾਰਜਕਾਰੀ ਪਿ੍ੰਸੀਪਲ ਬਣਾਇਆ ਗਿਆ | ਉਨ੍ਹਾਂ ਕਿਹਾ ਕਿ ਸਾਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਮੈਨੇਜਮੈਂਟ ਜੇਕਰ ਇਸੇ ਤਰ੍ਹਾਂ ਉਨ੍ਹਾਂ ਨਾਲ ਸਲੂਕ ਕਰਦੀ ਰਹੀ ਤਾਂ ਉਹ ਵੱਡੇ ਸੰਘਰਸ਼ ਦਾ ਐਲਾਨ ਕਰਨਗੇ |