ਗੁਰਦਾਸਪੁਰ, 5 ਫਰਵਰੀ (ਚੱਕਰਾਜਾ)-ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ 'ਸਾਡੇ ਬਜ਼ੁਰਗ, ਸਾਡਾ ਮਾਣ' ਮੁਹਿੰਮ ਤਹਿਤ ਸੀਨੀਅਰ ਸਿਟੀਜ਼ਨ ਦੀ ਭਲਾਈ ਸਬੰਧੀ ਗੁਰਦਾਸਪੁਰ ਜ਼ਿਲ੍ਹੇ 'ਚ ਵਿਸ਼ੇਸ਼ ਕੈਂਪ ਲਗਾਏ ਜਾਣਗੇ | ਇਸ ਸਬੰਧੀ ਸਹਾਇਕ ਕਮਿਸ਼ਨਰ (ਜ) ਗੁਰਦਾਸਪੁਰ ਆਦਿੱਤਿਆ ਗੁਪਤਾ ਵਲੋਂ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ | ਸਹਾਇਕ ਕਮਿਸ਼ਨਰ (ਜ) ਆਦਿੱਤਿਆ ਗੁਪਤਾ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਆਦਿੱਤਿਆ ਉੱਪਲ ਦੇ ਨਿਰਦੇਸ਼ਾ ਹੇਠ ਗੁਰਦਾਸਪੁਰ ਜ਼ਿਲ੍ਹੇ 'ਚ 'ਸਾਡੇ ਬਜ਼ੁਰਗ, ਸਾਡਾ ਮਾਣ' ਤਹਿਤ ਕੈਂਪ ਲਗਾਏ ਜਾਣਗੇ | ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੇ ਮਾਹਿਰ ਡਾਕਟਰਾਂ ਵਲੋਂ ਬਜ਼ੁਰਗਾਂ ਦਾ ਮੈਡੀਕਲ ਚੈੱਕਅਪ, ਅੱਖਾਂ ਦਾ ਚੈੱਕਅਪ, ਨੱਕ ਦਾ ਚੈੱਕਅਪ, ਫਿਜਿਓਥੈਰੇਪੀ, ਕੈਂਸਰ ਸਕਰੀਨਿੰਗ, ਸਾਈਕੈਟਰਿਕ ਜਾਂ ਕਲੀਨੀਕਲ ਸਾਈਕਲਾਜੀਕਲ ਅਸੈਸਮੈਂਟ ਤੇ ਕੈਟਰੈਕਟ ਸਰਜਰੀ ਲਈ ਅਸੈਸਮੈਂਟ (ਜਿਹੜੇ ਆਯੂਸ਼ਮਾਨ ਭਾਰਤ ਕਾਰਡ ਅਧੀਨ ਕਵਰ ਨਾ ਹੋਏ ਹੋਣ) ਕੀਤੀ ਜਾਵੇਗੀ | ਇਸ ਤੋਂ ਇਲਾਵਾ ਇਨ੍ਹਾਂ ਕੈਂਪਾਂ 'ਚ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਬਜ਼ੁਰਗਾਂ ਨੂੰ ਦਿੱਤੀਆਂ ਜਾਣ ਵਾਲੀਆਂ ਮੁਫ਼ਤ ਕਾਨੂੰਨੀ ਸੇਵਾਵਾਂ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ | ਲੀਡ ਬੈਂਕ ਮੈਨੇਜਰ ਵਲੋਂ ਡਿਜੀਟਲ ਐਂਡ ਫਾਈਨੈਂਸ਼ੀਅਲ ਲਿਟਰੇਸੀ ਪ੍ਰੋਗਰਾਮ ਤਹਿਤ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ | ਸੈੱਲਫ਼ ਹੈਲਪ ਗਰੁੱਪਾਂ ਰਾਹੀਂ ਵੱਖ-ਵੱਖ ਟਰੈਡੀਸ਼ਨਲ ਕਰਾਫ਼ਟ ਵਰਕਸ਼ਾਪ ਲਗਾਈ ਜਾਵੇਗੀ ਤੇ ਜ਼ਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਅਫ਼ਸਰ ਵਲੋਂ ਸੀਨੀਅਰ ਸਿਟੀਜ਼ਨ ਹੋਮਾਂ/ਸਬੰਧਿਤ ਸੀ.ਡੀ.ਪੀ.ਓ. ਨਾਲ ਤਾਲਮੇਲ ਕਰਕੇ ਬਲਾਕ ਪੱਧਰ 'ਤੇ ਰੈਗੂਲਰ ਯੋਗਾ ਸੈਸ਼ਨ ਲਗਾਏ ਜਾਣਗੇ | ਉਨ੍ਹਾਂ ਦੱਸਿਆ ਕਿ ਇਹ ਕੈਂਪ 11 ਫਰਵਰੀ ਨੂੰ ਬਿਰਧ ਘਰ ਬੱਬਰੀ ਗੁਰਦਾਸਪੁਰ, 16 ਫਰਵਰੀ ਨੂੰ ਲੇਹਲ ਧਾਰੀਵਾਲ, 17 ਫਰਵਰੀ ਨੂੰ ਕੁਸ਼ਟ ਆਸ਼ਰਮ ਦੀਨਾਨਗਰ ਵਿਖੇ ਹੋਲਿਸਟਿਕ ਕੈਂਪ, 20 ਫਰਵਰੀ ਨੂੰ ਐੱਸ.ਡੀ.ਐੱਮ ਦਫ਼ਤਰ ਬਟਾਲਾ ਤੇ 24 ਫਰਵਰੀ ਨੂੰ ਪਿੰਡ ਭਾਮ ਵਿਖੇ ਲਗਾਇਆ ਜਾਵੇਗਾ | ਉਨ੍ਹਾਂ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬਜ਼ੁਰਗਾਂ ਨੂੰ ਇਸ ਕੈਂਪ ਵਿਚ ਲਿਆਉਣ ਤਾਂ ਜੋ ਸਰਕਾਰ ਵਲੋਂ ਬਜ਼ੁਰਗਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਯੋਜਨਾਵਾਂ ਦਾ ਲਾਭ ਉਠਾਉਣ ਸਕਣ |