ਗੁਰਦਾਸਪੁਰ, 22 ਫਰਵਰੀ (ਚੱਕਰਾਜਾ)-ਬੀਤੇ ਸਮੇਂ ਦੌਰਾਨ ਰਾਵੀ ਦਰਿਆ ਵਿਚ ਆਏ ਹੜ੍ਹ ਨੇ ਇਸ ਦੇ ਨਾਲ ਲੱਗਦੇ ਗਾਹਲੜੀ, ਦੋਰਾਂਗਲਾ, ਬਹਿਰਾਮਪੁਰ ਅਤੇ ਹੋਰ ਖੇਤਰ ਨੰੂ ਵੱਡੀ ਮਾਰ ਮਾਰੀ ਹੈ | ਜਿਸ ਦਾ ਹਰਜ਼ਾਨਾ ਇਲਾਕੇ ਦੇ ਲੋਕ ਹੁਣ ਤੱਕ ਭੁਗਤ ਰਹੇ ਹਨ | ਲੋਕਾਂ ਦਾ ਕਹਿਣਾ ਹੈ ਕਿ ਨਜਾਇਜ਼ ਮਾਈਨਿੰਗ ਕਰਨ ਵਾਲਿਆਂ ਵਲੋਂ ਚੱਲਦੇ ਪਾਣੀ ਵਿਚ ਕੀਤੀ ਗਈ ਮਾਈਨਿੰਗ ਅਤੇ ਦਰਿਆ ਦੇ ਕੰਢਿਆਂ ਤੋਂ ਚੁੱਕੀ ਗਈ ਰੇਤਾ ਦੇ ਕਰਕੇ ਦਰਿਆ ਦਾ ਪਾਣੀ ਕੰਢਿਆਂ ਦੇ ਉਪਰ ਦੀ ਚੱਲਣਾ ਸ਼ੁਰੂ ਹੋ ਗਿਆ ਸੀ | ਜਿਸ ਨੇ ਇਲਾਕੇ ਵਿਚ ਵੱਡੀ ਤਬਾਹੀ ਮਚਾਈ ਸੀ | ਇਸ ਨੰੂ ਧਿਆਨ ਵਿਚ ਰੱਖਦੇ ਹੋਏ ਸਰਹੱਦੀ ਖੇਤਰ ਦੇ ਨਾਲ ਲੱਗਦੇ ਹੋਏ ਪਿੰਡਾਂ ਦੇ ਲੋਕਾਂ ਵਲੋਂ ਨਜਾਇਜ਼ ਮਾਈਨਿੰਗ ਸਬੰਧੀ ਐਨ.ਜੀ.ਟੀ. ਨੰੂ ਲਿਖਿਆ ਗਿਆ ਸੀ ਕਿ ਰਾਵੀ ਦਰਿਆ ਵਿਚੋਂ ਧੜੱਲੇ ਨਾਲ ਨਜਾਇਜ਼ ਤੌਰ 'ਤੇ ਹੋ ਰਹੀ ਮਾਈਨਿੰਗ ਆਉਣ ਵਾਲੇ ਸਮੇਂ ਵਿਚ ਇਕ ਵਾਰ ਫਿਰ ਇਲਾਕੇ ਲਈ ਵੱਡਾ ਖਤਰਾ ਬਣ ਸਕਦੀ ਹੈ ਅਤੇ ਇਸ ਨਜਾਇਜ਼ ਮਾਈਨਿੰਗ ਕਰਕੇ ਰਾਵੀ ਦਰਿਆ ਕਦੇ ਵੀ ਆਪਣਾ ਰੁੱਖ ਇਲਾਕੇ ਦੇ ਪਿੰਡਾਂ ਵੱਲ ਨੰੂ ਮੋੜ ਸਕਦਾ ਹੈ | ਜਿਸ ਤੋਂ ਬਾਅਦ ਇਲਾਕੇ ਅੰਦਰ ਇਹ ਚਰਚਾ ਹੈ ਕਿ ਨੈਸ਼ਨਲ ਗ੍ਰੀਨ ਟਿ੍ਬਿਊਨਲ ਵਲੋਂ ਪੰਜਾਬ ਅੰਦਰ ਚੱਲਦੀਆਂ ਸਾਰੀਆਂ ਖੱਡਾਂ ਉਪਰ ਮਾਈਨਿੰਗ ਕਰਨ 'ਤੇ ਰੋਕ ਲਗਾ ਦਿੱਤੀ ਗਈ ਹੈ | ਜਿਸ ਵਿਚ ਗੁਰਦਾਸਪੁਰ ਦੇ ਇਲਾਕੇ ਨਾਲ ਸਬੰਧਿਤ ਤਿੰਨ ਖੱਡਾਂ ਵੀ ਸ਼ਾਮਿਲ ਹਨ | ਪਰ ਗੱਲ ਇਲਾਕੇ ਅੰਦਰ ਚੱਲਦੀ ਮਾਈਨਿੰਗ ਦੀ ਕਰੀਏ ਤਾਂ ਰਾਵੀ ਦਰਿਆ ਵਿਚ ਮਾਈਨਿੰਗ ਲਗਾਤਾਰ ਚੱਲ ਰਹੀ ਹੈ | ਮਾਈਨਿੰਗ ਕਰਨ ਵਾਲਿਆਂ ਵਲੋਂ ਚੱਲਦੇ ਪਾਣੀ ਵਿਚੋਂ ਜੇ.ਸੀ.ਬੀ. ਅਤੇ ਪੋਕਲੇਨ ਮਸ਼ੀਨਾਂ ਰਾਹੀਂ ਰੇਤ ਕੱਢੀ ਜਾ ਰਹੀ ਹੈ ਅਤੇ ਇਸ ਨੰੂ ਭਰ ਕੇ ਦੂਸਰੇ ਥਾਵਾਂ 'ਤੇ ਸਟੋਰ ਕਰਕੇ ਮਹਿੰਗੇ ਭਾਅ ਵੇਚਿਆ ਜਾ ਰਿਹਾ ਹੈ | ਇਸ ਸਬੰਧੀ ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਦਿਨ ਨਾਲੋਂ ਰਾਤ ਸਮੇਂ ਟਰੱਕਾਂ ਦੀ ਆਮਦ ਲਗਪਗ 10 ਗੁਣਾ ਤੋਂ ਵੀ ਵੱਧ ਹੋ ਜਾਂਦੀ ਹੈ ਅਤੇ ਸਾਰੀ ਰਾਤ ਰਾਵੀ ਦਰਿਆ ਵਿਚੋਂ ਰੇਤ ਕੱਢਣ ਦਾ ਕੰਮ ਚੱਲਦਾ ਰਹਿੰਦਾ ਹੈ | ਲੋਕਾਂ ਦਾ ਕਹਿਣਾ ਹੈ ਕਿ ਨੈਸ਼ਨਲ ਗ੍ਰੀਨ ਟਿ੍ਬਿਊਨਲ ਵਲੋਂ ਹੁਕਮ ਤਾਂ ਜਾਰੀ ਕਰ ਦਿੱਤੇ ਗਏ ਹਨ | ਪਰ ਸਬੰਧਿਤ ਵਿਭਾਗ ਵਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ | ਜਿਸ ਦਾ ਖਮਿਆਜ਼ਾ ਆਉਣ ਵਾਲੇ ਸਮੇਂ ਵਿਚ ਪੂਰੇ ਇਲਾਕੇ ਨੰੂ ਭੁਗਤਣਾ ਪੈ ਸਕਦਾ ਹੈ | ਲੋਕਾਂ ਨੇ ਇਹ ਵੀ ਦੱਸਿਆ ਕਿ ਇਕ ਤਾਂ ਗੁਰਦਾਸਪੁਰ ਤੋਂ ਗਾਹਲੜੀ ਨੰੂ ਜਾਂਦੀ ਸੜਕ ਦੇ ਕੰਢੇ ਪਹਿਲਾਂ ਹੀ ਰਾਵੀ ਦਰਿਆ ਦੇ ਵਿਚ ਆਏ ਹੜ੍ਹ ਕਾਰਨ ਰੁੜ੍ਹ ਚੁੱਕੇ ਹਨ | ਦੂਸਰਾ ਇਸ ਰਸਤੇ ਅਤੇ ਨਾਲ ਲੱਗਦੇ ਪਿੰਡਾਂ ਦੀਆਂ ਸੰਪਰਕ ਸੜਕਾਂ ਤੋਂ ਲਗਾਤਾਰ ਨਿਕਲਦੇ ਭਾਰੀ ਤੇ ਓਵਰਲੋਡ ਵਾਹਨ ਸੜਕਾਂ ਦੀ ਹੋਰ ਦੁਰਗਤੀ ਕਰ ਰਹੇ ਹਨ ਅਤੇ ਆਮ ਰਾਹਗੀਰਾਂ ਲਈ ਵੱਡੀ ਪ੍ਰੇਸ਼ਾਨੀ ਦਾ ਕਾਰਨ ਬਣ ਰਹੇ ਹਨ | ਲੋਕਾਂ ਨੇ ਇਹ ਦੋਸ਼ ਵੀ ਲਗਾਏ ਕਿ ਇਨ੍ਹਾਂ ਭਾਰੀ ਵਾਹਨਾਂ ਵਿਚੋਂ ਜ਼ਿਆਦਾਤਰ ਵਾਹਨਾਂ ਦੇ ਉਪਰ ਨੰਬਰ ਪਲੇਟਾਂ ਵੀ ਨਹੀਂ ਲੱਗੀਆਂ ਹੋਈਆਂ ਹਨ ਅਤੇ ਇਹ ਵਾਹਨ ਲਗਾਤਾਰ ਹਾਦਸੇ ਦਾ ਕਾਰਨ ਬਣ ਰਹੇ ਹਨ | ਇਸ ਮਾਮਲੇ ਸਬੰਧੀ ਜਦੋਂ ਮਾਈਨਿੰਗ ਵਿਭਾਗ ਦੇ ਅਧਿਕਾਰੀ ਰਾਹੁਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਐਨ.ਜੀ.ਟੀ. ਵਲੋਂ ਕੇਵਲ ਨਵੀਆਂ ਖੱਡਾਂ 'ਤੇ ਹੀ ਰੋਕ ਲਗਾਈ ਗਈ ਹੈ | ਪਰ ਪੁਰਾਣੀਆਂ ਖੱਡਾਂ ਉਪਰ ਅਜਿਹੀ ਕੋਈ ਵੀ ਰੋਕ ਨਹੀਂ ਲਗਾਈ ਗਈ | ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਚੱਲਦੇ ਪਾਣੀ ਵਿਚ ਮਾਈਨਿੰਗ ਕਰਨ 'ਤੇ ਸ਼ੁਰੂ ਤੋਂ ਹੀ ਪਾਬੰਦੀ ਲਗਾਈ ਗਈ ਹੈ ਅਤੇ ਕਿਸੇ ਵੀ ਨਿਯਮ ਤਹਿਤ ਚੱਲਦੇ ਪਾਣੀ ਵਿਚ ਮਾਈਨਿੰਗ ਨਹੀਂ ਕੀਤੀ ਜਾ ਸਕਦੀ |