ਗੁਰਦਾਸਪੁਰ, 22 ਫਰਵਰੀ (ਚੱਕਰਾਜਾ)-ਕਿਰਤੀ ਕਿਸਾਨ ਯੂਨੀਅਨ ਵਲੋਂ ਭਾਰਤ ਤੇ ਅਮਰੀਕਾ ਵਿਚ ਹੋਏ ਵਪਾਰਕ ਸਮਝੌਤੇ ਬਾਰੇ ਕਿਸਾਨ-ਮਜ਼ਦੂਰਾਂ ਨੂੰ ਜਾਗਰੂਕ ਕਰਨ ਤੇ 22 ਫਰਵਰੀ ਨੂੰ ਸੰਯੁਕਤ ਕਿਸਾਨ ਮੋਰਚੇ ਵਲੋਂ ਭਾਰਤੀ ਜਨਤਾ ਪਾਰਟੀ ਦੇ ਮੰਤਰੀਆਂ ਦੇ ਘਰਾਂ ਤੇ ਦਫ਼ਤਰਾਂ ਅਤੇ ਆਮ ਆਦਮੀ ਪਾਰਟੀ ਦੇ ਮੰਤਰੀਆਂ ਦੇ ਘਰਾਂ ਤੇ ਦਫ਼ਤਰਾਂ ਸਾਹਮਣੇ ਦਿੱਤੇ ਜਾ ਰਹੇ ਧਰਨਿਆਂ ਦੀ ਤਿਆਰੀ ਲਈ ਪਿੰਡ ਮੱਦੇਪੁਰ ਵਿਖੇ ਮੀਟਿੰਗ ਕੀਤੀ ਗਈ | ਇਸ ਮੌਕੇ ਸੰਬੋਧਨ ਕਰਦੇ ਹੋਏ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਸਤਿਬੀਰ ਸਿੰਘ ਸੁਲਤਾਨੀ ਤੇ ਚੰਨਣ ਸਿੰਘ ਦੋਰਾਂਗਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਮਰਾਜੀ ਦੇਸ਼ਾਂ ਦੇ ਦਬਾਅ ਹੇਠ ਅਮਰੀਕਾ ਅਤੇ ਉਸ ਦੀਆਂ ਬਹੂ-ਕੌਮੀ ਕੰਪਨੀਆਂ ਨੂੰ ਭਾਰੀ ਮੁਨਾਫ਼ੇ ਕਮਾਉਣ ਲਈ ਮੁਕਤ ਵਪਾਰ ਸਮਝੌਤਾ ਕੀਤਾ ਹੈ | ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਇਕ ਪਾਸੇ ਖੇਤੀ ਖੇਤਰ ਨੂੰ ਕਾਰਪੋਰੇਟ ਘਰਾਨਿਆਂ ਦੇ ਹੱਥਾਂ ਵਿਚ ਦੇਣ ਲਈ ਬਿਜਲੀ ਸੋਧ ਬਿੱਲ 2025, ਬੀਜ ਬਿੱਲ 2025, ਪੈਸਟੀਸਾਈਡ ਬਿੱਲ ਨੂੰ ਪਾਸ ਕਰਨ ਲਈ ਇਸ ਪਾਰਲੀਮੈਂਟ ਸੈਸ਼ਨ 'ਚ ਲਿਆ ਰਹੀ ਹੈ ਤੇ ਦੂਜੇ ਪਾਸੇ ਭਾਰਤ ਦੇ ਕਿਸਾਨਾਂ ਦੇ ਖੇਤੀ ਖੇਤਰ ਤੋਂ ਪੈਦਾ ਹੋਣ ਵਾਲੀਆਂ ਫਸਲਾਂ, ਪੋਲਟਰੀ, ਡੇਅਰੀ ਕਾਰੋਬਾਰ ਤੇ ਬਾਗ਼ਬਾਨੀ ਖੇਤਰ ਨੂੰ ਤਬਾਹ ਕਰਨ ਲਈ ਭਾਰਤ ਨੇ ਅਮਰੀਕਾ ਨਾਲ ਕਰ-ਮੁਕਤ ਵਪਾਰਕ ਸਮਝੌਤਾ ਕੀਤਾ ਹੈ | ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਬਿਜਲੀ ਸੋਧ ਬਿੱਲ 2025, ਬੀਜ ਬਿੱਲ ਤੇ ਅਮਰੀਕਾ ਨਾਲ ਕੀਤੇ ਵਪਾਰਕ ਸਮਝੌਤੇ ਨੂੰ ਰੱਦ ਕੀਤਾ ਜਾਵੇ | ਇਸ ਮੌਕੇ ਸਵਿੰਦਰ ਸਿੰਘ, ਅੰਗਰੇਜ਼ ਸਿੰਘ, ਸੁਰਜੀਤ ਲਾਲ ਮੱਦੇਪੁਰ, ਰੂਪ ਲਾਲ, ਪ੍ਰੇਮ ਕੁਮਾਰ, ਤਰਸੇਮ ਸਿੰਘ ਅਤੇ ਬਲਵੰਤ ਸਿੰਘ ਆਦਿ ਹਾਜ਼ਰ ਸਨ |