ਗੁਰਦਾਸਪੁਰ, 22 ਫਰਵਰੀ (ਪੰਕਜ ਸ਼ਰਮਾ)-ਅੱਜ ਕੌਮਾਂਤਰੀ ਮਾਂ-ਬੋਲੀ ਦਿਹਾੜੇ ਮੌਕੇ ਜ਼ਿਲ੍ਹਾ ਸਾਹਿਤ ਕੇਂਦਰ ਗੁਰਦਾਸਪੁਰ ਵਲੋਂ ਸ਼ਿਵਾਲਿਕ ਐਜੂਕੇਸ਼ਨ ਕਾਲਜ ਗੁਰਦਾਸਪੁਰ ਵਿਖੇ ਮਾਂ-ਬੋਲੀ ਪੰਜਾਬੀ ਨੂੰ ਦਰਪੇਸ਼ ਮੁਸ਼ਕਿਲਾਂ ਅਤੇ ਸਮਾਧਾਨ ਵਿਸ਼ੇ 'ਤੇ ਵਿਚਾਰ-ਗੋਸ਼ਟੀ ਅਤੇ ਕਵੀ-ਦਰਬਾਰ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਜ਼ਿਲ੍ਹਾ ਸਾਹਿਤ ਕੇਂਦਰ ਦੇ ਪ੍ਰਧਾਨ ਡਾ: ਲੇਖ ਰਾਜ, ਸੰਯੋਜਕ ਮੱਖਣ ਕੁਹਾੜ, ਪਿ੍ੰਸੀਪਲ (ਹਿੰਦੂ ਕੰਨਿਆ ਮਹਾਂਵਿਦਿਆਲਿਆ ਧਾਰੀਵਾਲ) ਡਾ: ਰਜਵਿੰਦਰ ਕੌਰ, ਸੀਨੀਅਰ ਮੀਤ ਪ੍ਰਧਾਨ ਸ਼ੀਤਲ ਸਿੰਘ ਗੁਨੋਪੁਰੀ, ਜਨਰਲ ਸਕੱਤਰ ਮੰਗਤ ਚੰਚਲ, ਕੇਂ.ਪੰ.ਲੇ. ਸਭਾ ਦੇ ਕਾਰਜਕਾਰਨੀ ਮੈਂਬਰ ਗੁਰਮੀਤ ਬਾਜਵਾ ਅਤੇ ਸਹਾਇਕ ਵਿੱਤ ਸਕੱਤਰ ਬੂਟਾ ਰਾਮ ਆਜ਼ਾਦ ਸ਼ਾਮਿਲ ਹੋਏ | ਪ੍ਰੋਗਰਾਮ ਦਾ ਆਰੰਭ ਕਰਦਿਆਂ ਜਨਰਲ ਸਕੱਤਰ ਮੰਗਤ ਚੰਚਲ ਵਲੋਂ ਪੰਡਾਲ ਵਿਚ ਹਾਜ਼ਰ ਸਾਹਿਤਕਾਰਾਂ ਅਤੇ ਕਾਲਜ ਦੇ ਵਿਦਿਆਰਥੀਆਂ ਨੂੰ ਕੌਮਾਂਤਰੀ ਮਾਂ-ਬੋਲੀ ਦਿਹਾੜੇ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ | ਇਸ ਦੇ ਨਾਲ ਹੀ ਪ੍ਰਬੁੱਧ ਕਹਾਣੀਕਾਰ ਮਾਸਟਰ ਲਾਲ ਸਿੰਘ ਜੋ ਪਿਛਲੇ ਦਿਨੀਂ ਸਾਨੂੰ ਸਦੀਵੀ ਵਿਛੋੜਾ ਦੇ ਗਏ ਦੀ ਯਾਦ 'ਚ ਦੋ ਮਿੰਟ ਦਾ ਮੌਨ ਰੱਖ ਕੇ ਵਿੱਛੜੀ ਆਤਮਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ | ਇਸ ਮੌਕੇ ਡਾ: ਲੇਖ ਰਾਜ ਨੇ ਕਿਹਾ ਕਿ ਨਵਜੰਮੇ ਬੱਚੇ ਦੇ ਕੰਨੀ ਪਹਿਲੀ ਅਵਾਜ਼ ਮਾਂ-ਬੋਲੀ 'ਚ ਦਿੱਤੀ ਗਈ ਲੋਰੀ ਦੀ ਹੀ ਪੈਂਦੀ ਹੈੈ | ਇਨ੍ਹਾਂ ਤੋਂ ਇਲਾਵਾ ਸਰਬਜੀਤ ਚਾਹਲ, ਮੰਗਤ ਚੰਚਲ ਅਤੇ ਡਾ: ਰਜਵਿੰਦਰ ਕੌਰ ਨੇ ਵੀ ਆਪਣੇ ਵਿਚਾਰ ਰੱਖੇ | ਕਵੀ-ਦਰਬਾਰ ਦਾ ਆਗਾਜ਼ ਅੰਜੂ ਬਾਲਾ ਵਲੋਂ ਪੰਜਾਬ ਦੀ ਵਿਰਾਸਤੀ ਵਣਗੀ, ਮਧਾਣੀਆਂ, ਹਾਏ ਓਏ ਮੇਰੇ ਡਾਢਿਆ ਰੱਬਾ, ਕਿਨ੍ਹਾਂ ਜੰਮੀਆਂ ਕਿਨ੍ਹਾਂ ਨੇ ਲੈ ਜਾਣੀਆਂ' ਪੇਸ਼ ਕਰਨ ਨਾਲ ਹੋਇਆ | ਹੋਰ ਜਿਹੜੇ ਸ਼ਾਇਰਾਂ ਨੇ ਕਲਾਮ ਪੇਸ਼ ਕੀਤੇ ਉਨ੍ਹਾਂ ਵਿਚ ਗੁਰਦੇਵ ਸਿੰਘ ਭੁੱਲਰ, ਪ੍ਰੀਤ ਰਾਣਾ, ਸੁਭਾਸ਼ ਦੀਵਾਨਾ, ਤਰਸੇਮ ਸਿੰਘ ਭੰਗੂ, ਰੀਆ, ਪਰਮਜੀਤ ਕੌਰ, ਸੋਫੀਆ, ਕੁਲਦੀਪ ਸਿੰਘ ਘਾਂਗਲਾ, ਰਜਿੰਦਰ ਸਿੰਘ ਛੀਨਾ, ਕੁਲਜੀਤ ਸਿੰਘ ਰੰਧਾਵਾ, ਗੁਰਮੀਤ ਸਿੰਘ ਬਾਜਵਾ, ਜਨਕ ਰਾਜ ਰਾਠੌਰ, ਨਿਸ਼ਾਨ ਸਿੰਘ ਜੌੜਾ ਸਿੰਘਾ, ਡਾ: ਗੁਰਚਰਨ ਗਾਂਧੀ ਸੰਪਾਦਕ ਸੂਹੀ ਸਵੇਰ, ਬੂਟਾ ਰਾਮ ਆਜ਼ਾਦ, ਗੁਰਮੀਤ ਸਿੰਘ ਪਾਹੜਾ ਅਤੇ ਵਿਜੇ ਬੱਧਣ ਲੋਕ-ਗਾਇਕ ਦੇ ਨਾਂਅ ਸ਼ਾਮਲ ਹਨ | ਇਨ੍ਹਾਂ ਤੋਂ ਇਲਾਵਾ ਰਘਵੀਰ ਸਿੰਘ ਚਾਹਲ, ਹੀਰਾ ਸਿੰਘ ਸੈਣੀ, ਕਰਮਜੀਤ ਸਿੰਘ ਗੁਰਦਾਸਪੁਰੀ, ਨਿਸ਼ਾਨ ਸਿੰਘ ਸੇਖੋਂ, ਪਿ੍ੰਸੀਪਲ ਕੁਲਵੰਤ ਸਿੰਘ, ਸਾਧੂ ਸਿੰਘ, ਗੁਰਪ੍ਰੀਤ ਕੌਰ, ਕਾਜਲ ਸ਼ਰਮਾ, ਦੀਕਸ਼ਾ ਸ਼ਰਮਾ, ਜਿਓਤੀ, ਦੀਕਸ਼ਾ, ਪਿ੍ਅੰਕਾ ਸ਼ਰਮਾ, ਪ੍ਰੀਤੀ ਆਦਿ ਹਾਜ਼ਰ ਸਨ | ਇਸ ਮੌਕੇ ਮੰਗਤ ਚੰਚਲ ਦਾ ਗ਼ਜ਼ਲ ਸੰਗ੍ਰਹਿ 'ਚੁੱਪ ਦਾ ਅਨੁਵਾਦ' ਅਤੇ ਪੰਜਾਬੀ ਰਸਾਲਾ 'ਸੂਹੀ ਸਵੇਰ' ਸੰਪਾਦਕ ਡਾ: ਗੁਰਚਰਨ ਗਾਂਧੀ ਲੋਕ-ਅਰਪਣ ਕੀਤੇ ਗਏ | ਅਖੀਰ ਵਿਚ ਡਾ: ਰਜਵਿੰਦਰ ਕੌਰ ਵਲੋਂ ਮਾਂ-ਬੋਲੀ ਪੰਜਾਬੀ ਨੂੰ ਪਿਆਰ ਅਤੇ ਸਤਿਕਾਰ ਦੇਣ ਦੇ ਨਾਲ-ਨਾਲ ਆਪਣੇ ਪਰਿਵਾਰਾਂ ਵਿਚ ਇਸ ਨੂੰ ਅਪਣਾਉਣ ਦੀ ਸਹੁੰ ਚੁਕਾਈ ਗਈ ਅਤੇ ਗੁਰਮੀਤ ਬਾਜਵਾ ਵਲੋਂ ਹਾਜ਼ਰ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ | ਇਸ ਸ਼ਾਨਾਮੱਤੇ ਪ੍ਰੋਗਰਾਮ ਨੂੰ ਲੜੀਬੱਧ ਕਰਨ ਦੀ ਭੂਮਿਕਾ ਜਨਰਲ ਸਕੱਤਰ ਮੰਗਤ ਚੰਚਲ ਵਲੋਂ ਬਾਖ਼ੂਬੀ ਨਿਭਾਈ ਗਈ | ਇਸ ਮੌਕੇ ਜ਼ਿਲ੍ਹਾ ਭਾਸ਼ਾ ਦਫ਼ਤਰ ਵਲੋਂ ਸ਼ਾਮ ਸਿੰਘ ਦੀ ਅਗਵਾਈ ਹੇਠ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ |