ਗੁਰਦਾਸਪੁਰ, 22 ਫਰਵਰੀ (ਅਸ਼ੋਕ ਸ਼ਰਮਾ)-ਤਿੰਨ ਸਾਲ ਪਹਿਲਾਂ ਭਾਈ ਪ੍ਰਦੀਪ ਸਿੰਘ ਖ਼ਾਲਸਾ ਵਾਸੀ ਗਾਜ਼ੀਕੋਟ ਜ਼ਿਲ੍ਹਾ ਗੁਰਦਾਸਪੁਰ ਹੋਲੇ ਮੁਹੱਲੇ ਆਨੰਦ ਸਾਹਿਬ ਵਿਖੇ ਹੁੱਲੜਬਾਜ਼ਾਂ ਨੰੂ ਹੁੱਲੜਬਾਜ਼ੀ ਤੋਂ ਰੋਕਣ 'ਤੇ ਸ਼ਹੀਦੀ ਦਾ ਜਾਮ ਪੀ ਗਏ ਸਨ | ਅੱਜ ਉਨ੍ਹਾਂ ਦੀ ਤੀਜੀ ਬਰਸੀ ਸਮਾਜਿਕ, ਧਾਰਮਿਕ ਨਿਹੰਗ ਜਥੇਬੰਦੀਆਂ, ਇਲਾਕੇ ਦੇ ਲੋਕਾਂ ਅਤੇ ਪਰਿਵਾਰਕ ਮੈਂਬਰਾਂ ਵਲੋਂ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ | ਸਭ ਤੋਂ ਪਹਿਲਾਂ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਉਣ ਉਪਰੰਤ ਪਿੰਡ ਦੇ ਹਜ਼ੂਰੀ ਰਾਗੀ ਜਥੇ ਨੇ ਇਕ ਘੰਟਾ ਵੈਰਾਗਮਈ ਕੀਰਤਨ ਕਰਕੇ ਸੰਗਤਾਂ ਨੰੂ ਗੁਰਬਾਣੀ ਦੇ ਇਤਿਹਾਸ ਨਾਲ ਜੋੜਿਆ | ਬਾਅਦ ਵਿਚ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੇ ਭਾਈ ਪ੍ਰਦੀਪ ਸਿੰਘ ਨੰੂ ਸ਼ਰਧਾਜਲੀਆਂ ਭੇਟ ਕੀਤੀਆਂ | ਇਸ ਤੋਂ ਬਾਅਦ ਪਹੁੰਚੀਆਂ ਸ਼ਖਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ | ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸਮਾਗਮ ਦੀ ਹਾਜ਼ਰੀ ਭਰਨ ਉਪਰੰਤ ਦੱਸਿਆ ਕਿ ਸਮਾਗਮ ਵਿਚ ਬੁੱਢੇ ਦਲ ਦੇ ਖਾੜਕੂ ਕੀਰਤਨੀ ਜਥੇਦਾਰ ਗੁਰਜੀਤ ਸਿੰਘ ਗੜਗੱਜ ਸਮੇਤ ਕਈ ਪ੍ਰਚਾਰਕਾਂ ਨੇ ਹਾਜ਼ਰੀ ਲਵਾਈ ਤੇ ਸ਼ਹੀਦ ਪ੍ਰਦੀਪ ਸਿੰਘ ਖਾਲਸਾ ਨੰੂ ਸ਼ਰਧਾਂਜਲੀਆਂ ਭੇਟ ਕੀਤੀਆਂ | ਇਸ ਮੌਕੇ ਵਿਰਸਾ ਸਿੰਘ ਨੇ ਸ਼ਹੀਦ ਭਾਈ ਪ੍ਰਦੀਪ ਸਿੰਘ ਖਾਲਸਾ ਬੁੱਢੇ ਦਲ ਦੀ ਮਹਾਨ ਕੁਰਬਾਨੀ ਨੰੂ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਉੱਥੋਂ ਉਨ੍ਹਾਂ ਨੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਤੋਂ ਮੰਗ ਕੀਤੀ ਕਿ ਭਾਈ ਪ੍ਰਦੀਪ ਸਿੰਘ ਖ਼ਾਲਸਾ ਨੇ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ 'ਤੇ ਹੁੱਲੜਬਾਜਾਂ ਨਾਲ ਲੋਹਾ ਲੈਂਦਿਆਂ ਸ਼ਹਾਦਤ ਦਾ ਜਾਮ ਪੀਤਾ ਸੀ ਅਤੇ ਭਾਈ ਪ੍ਰਦੀਪ ਸਿੰਘ ਖਾਲਸਾ ਦੀ ਕੁਰਬਾਨੀ ਨੰੂ ਮੁੱਖ ਰੱਖਦਿਆਂ ਉਨ੍ਹਾਂ ਨੰੂ ਸ਼ਹੀਦ ਕਰਾਰ ਦੇ ਦਿੱਤਾ, ਪਰ ਸ਼ਹੀਦ ਦੇ ਪਰਿਵਾਰ ਨੰੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੋਈ ਵੀ ਮਾਲੀ ਤੇ ਆਰਥਿਕ ਤੌਰ 'ਤੇ ਮਦਦ ਨਹੀਂ ਕੀਤੀ ਗਈ ਅਤੇ ਨਾ ਹੀ ਸਿੱਖ ਅਜਾਇਬ ਘਰ ਵਿਚ ਸੁਸ਼ੋਭਿਤ ਕੀਤਾ | ਜਿਸ ਕਰਕੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੰੂ ਇਸ ਭੁੱਲ ਨੰੂ ਦੁਰਸਤ ਕਰਦੇ ਹੋਏ ਸ਼ਹੀਦ ਦੀ ਤਸਵੀਰ ਅਜਾਇਬ ਘਰ ਲਾਉਣ 'ਤੇ ਜ਼ੋਰ ਦਿੱਤਾ | ਇਸ ਮੌਕੇ ਸ਼ਹੀਦ ਦੀ ਯਾਦ ਵਿਚ ਸੰਗਤਾਂ ਵਿਚ ਖੁੱਲ੍ਹੇ ਰੂਪ 'ਚ ਲੰਗਰ ਵਰਤਾਏ ਗਏ | ਅੰਤ ਵਿਚ ਸ਼ਹੀਦ ਦੇ ਪਿਤਾ ਕੈਪਟਨ ਗੁਰਬਖ਼ਸ਼ ਸਿੰਘ ਨੇ ਪਹੁੰਚੀਆਂ ਸ਼ਖਸੀਅਤਾਂ ਦਾ ਕੋਟਿ-ਕੋਟਿ ਧੰਨਵਾਦ ਕੀਤਾ |