ਨਰੋਟ ਮਹਿਰਾ, 2 ਮਾਰਚ (ਰਾਜ ਕੁਮਾਰੀ)- ਸਾਡਾ ਮੁੱਖ ਉਦੇਸ਼ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਨਾ ਅਤੇ ਉਨ੍ਹਾਂ ਦਾ ਮੌਕੇ 'ਤੇ ਹੱਲ ਕਰਨਾ ਹੈ | ਪਿਛਲੇ ਦਿਨਾਂ ਦੌਰਾਨ ਕਾਰਪੋਰੇਸ਼ਨ ਪਠਾਨਕੋਟ ਦਾ ਵਾਰਡ ਨੰਬਰ 45 (ਵਿਜੈ ਨਗਰ ਸਰਨਾ) ਜੋ ਕਿ ਵਿਧਾਨ ਸਭਾ ਹਲਕਾ ਭੋਆ ਦੇ ਅੰਦਰ ਆਉਂਦਾ ਹੈ, ਲੋਕਾਂ ਵਲੋਂ ਗਲੀਆਂ ਦੀ ਸਮੱਸਿਆ ਧਿਆਨ ਵਿਚ ਲਿਆਂਦੀ ਗਈ ਸੀ, ਉਸ ਖੇਤਰ ਦਾ ਨਿਰੀਖਣ ਕੀਤਾ ਗਿਆ ਤੇ ਅੱਜ ਉੱਥੋਂ ਦੇ ਲੋਕਾਂ ਵਿਚ ਖ਼ੁਸ਼ੀ ਦੀ ਲਹਿਰ ਹੈ ਕਿਉਂਕਿ ਵਾਰਡ ਨੰਬਰ-45 ਦੀਆਂ ਗਲੀਆਂ ਪੂਰੀ ਤਰ੍ਹਾਂ ਨਾਲ ਬਣ ਕੇ ਤਿਆਰ ਹੋ ਗਈਆਂ ਹਨ | ਇਹ ਪ੍ਰਗਟਾਵਾ ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਨੇ ਅੱਜ ਸਰਨਾ ਦੇ ਅਧੀਨ ਕਾਰਪੋਰੇਸ਼ਨ ਦੇ ਵਾਰਡ ਨੰਬਰ-45 ਤੇ 43 ਦਾ ਦੌਰਾ ਕਰਨ ਮਗਰੋਂ ਕੀਤਾ | ਇਸ ਮੌਕੇ ਉਨ੍ਹਾਂ ਨਾਲ ਨਰੇਸ਼ ਸੈਣੀ ਸਕੱਤਰ ਮਾਝਾ ਜ਼ੋਨ, ਬਲਜਿੰਦਰ ਕੌਰ ਬਲਾਕ ਪ੍ਰਧਾਨ ਤੇ ਹੋਰ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਹਾਜ਼ਰ ਸਨ | ਇਸ ਮੌਕੇ ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਕਾਰਪੋਰੇਸ਼ਨ ਦੇ ਕੁਝ ਵਾਰਡ ਜੋ ਕਿ ਵਿਧਾਨ ਸਭਾ ਹਲਕਾ ਭੋਆ ਅਧੀਨ ਆਉਂਦੇ ਹਨ, ਉਨ੍ਹਾਂ ਵਾਰਡ ਵਾਸੀਆਂ ਨੇ ਪਿਛਲੇ ਦਿਨਾਂ ਦੌਰਾਨ ਉਨ੍ਹਾਂ ਦੇ ਧਿਆਨ ਵਿਚ ਆਪਣੀ ਸਮੱਸਿਆ ਲਿਆਉਂਦੇ ਹੋਏ ਗਲੀਆਂ ਦੀ ਹਾਲਤ ਬਾਰੇ ਜਾਣੂ ਕਰਵਾਇਆ ਸੀ | ਇਸ ਮਗਰੋਂ ਉਨ੍ਹਾਂ ਵਲੋਂ ਵਾਰਡ ਨੰਬਰ-45 ਤੇ 43 ਦਾ ਦੌਰਾ ਕੀਤਾ ਗਿਆ ਸੀ ਤੇ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਗਈਆਂ ਸਨ | ਉਨ੍ਹਾਂ ਦੱਸਿਆ ਕਿ ਅੱਜ ਵਾਰਡ ਨੰਬਰ-45 ਦੀਆਂ ਗਲੀਆਂ ਬਣ ਕੇ ਤਿਆਰ ਹੋ ਗਈਆਂ ਹਨ | ਲੋਕਾਂ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਗਲੀਆਂ ਦਾ ਨਿਰਮਾਣ ਕਰਵਾਉਣ ਲਈ ਉਹ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਕਰਦੇ ਹਨ ਕਿ ਉਨ੍ਹਾਂ ਬਹੁਤ ਹੀ ਘੱਟ ਸਮੇਂ ਅੰਦਰ ਫ਼ੰਡ ਜਾਰੀ ਕੀਤੇ ਤੇ ਨਿਰਧਾਰਿਤ ਸਮੇਂ ਵਿਚ ਇਹ ਵਿਕਾਸ ਕਾਰਜ ਮੁਕੰਮਲ ਹੋ ਸਕੇ | ਉਨ੍ਹਾਂ ਕਿਹਾ ਕਿ ਭਵਿੱਖ ਅੰਦਰ ਵੀ ਅਜਿਹੇ ਵਿਕਾਸ ਕਾਰਜ ਜਾਰੀ ਰਹਿਣਗੇ |