ਗੁਰਦਾਸਪੁਰ, 3 ਮਾਰਚ (ਅਸ਼ੋਕ ਸ਼ਰਮਾ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਟਰਾਂਸਕੋ ਦੇ ਪੈਨਸ਼ਨਰ ਐਸੋਸੀਏਸ਼ਨ ਰਜਿ. ਨੰ: 56 ਦੇ ਸਰਕਲ ਸਕੱਤਰ ਸੁਰਿੰਦਰ ਪੱਪੂ ਨੇ ਵਿਸ਼ੇਸ਼ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੈਨਸ਼ਨਰਾਂ ਤੇ ਮੁਲਾਜ਼ਮਾਂ ਵਲੋਂ 16 ਫ਼ੀਸਦੀ ਡੀ.ਏ, ਉਸ ਦਾ ਬਕਾਇਆ ਅਤੇ ਛੇਵੇਂ ਪੇਅ ਕਮਿਸ਼ਨ ਦਾ ਬਕਾਇਆ ਯਕਮੁਸ਼ਤ ਲੈਣ ਲਈ ਬਜਟ ਸੈਸ਼ਨ ਦੌਰਾਨ 8 ਮਾਰਚ ਤੋਂ 11 ਮਾਰਚ ਤੱਕ ਚੰਡੀਗੜ੍ਹ ਵਿਖੇ ਇਕੱਠੇ ਹੋ ਕੇ ਬਜਟ ਸੈਸ਼ਨ ਦੌਰਾਨ ਵਿਧਾਨ ਸਭਾ ਵੱਲ ਨੰੂ ਮਾਰਚ ਕੀਤਾ ਜਾਵੇਗਾ | ਬਜਟ ਸੈਸ਼ਨ ਦੌਰਾਨ ਪੈਨਸ਼ਨਰਾਂ ਦੀਆਂ ਡਿਊਟੀਆਂ ਪੈਨਸ਼ਨਰ ਐਸੋਸੀਏਸ਼ਨ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ 10 ਮਾਰਚ ਨੰੂ ਮੈਕਸ ਹਸਪਤਾਲ ਫ਼ੇਜ਼6 ਮੁਹਾਲੀ ਸਾਹਮਣੇ ਗੁਰਦੁਆਰਾ ਅਤੇ ਪੈਟਰੋਲ ਪੰਪ ਨੇੜੇ ਇਕੱਠੇ ਹੋ ਕੇ ਪ੍ਰਦਰਸ਼ਨ ਕਰਨ ਲਈ ਲਗਾਈਆਂ ਹਨ | ਉਪਰੰਤ ਵਿਧਾਨ ਸਭਾ ਵੱਲ ਨੰੂ ਮਾਰਚ ਕੀਤਾ ਜਾਵੇਗਾ | ਇਸ ਧਰਨੇ ਵਿਚ ਗੁਰਦਾਸਪੁਰ ਸਰਕਲ ਦੀਆਂ ਵੱਖ ਵੱਖ ਡਵੀਜ਼ਨਾਂ ਮੰਡਲ ਗੁਰਦਾਸਪੁਰ, ਮੰਡਲ ਸ਼ਹਿਰੀ ਤੇ ਦਿਹਾਤੀ ਪਠਾਨਕੋਟ, ਸ਼ਹਿਰੀ ਤੇ ਦਿਹਾਤੀ ਮੰਡਲ ਬਟਾਲਾ, ਕਾਦੀਆਂ ਤੇ ਧਾਰੀਵਾਲ ਤੋਂ ਗੱਡੀਆਂ ਰਵਾਨਾ ਹੋਣਗੀਆਂ | ਸ੍ਰੀ ਪੱਪੂ ਨੇ ਕਿਹਾ ਕਿ ਜੇਕਰ ਬਜਟ ਸੈਸ਼ਨ ਦੌਰਾਨ ਪੈਨਸ਼ਨਰਾਂ ਦਾ 16 ਫ਼ੀਸਦੀ ਡੀ.ਏ, ਪਿਛਲਾ ਬਕਾਇਆ ਅਤੇ ਛੇਵੇਂ ਪੇਅ ਕਮਿਸ਼ਨ ਦਾ ਬਕਾਇਆ ਯਕਮੁਸ਼ਤ ਜਾਰੀ ਨਾ ਕੀਤਾ ਤਾਂ ਸਟੇਟ ਵਰਕਿੰਗ ਕਮੇਟੀ ਦੇ ਫ਼ੈਸਲੇ ਅਨੁਸਾਰ 28 ਮਾਰਚ ਨੰੂ ਬਿਜਲੀ ਮੰਤਰੀ ਪੰਜਾਬ ਦੀ ਰਿਹਾਇਸ਼ ਲੁਧਿਆਣਾ ਵਿਖੇ ਆਰਤੀ ਸਿਨੇਮਾ ਚੌਕ ਵਿਖੇ ਸੂਬਾ ਪੱਧਰੀ ਰੋਸ ਧਰਨਾ ਦਿੱਤਾ ਜਾਵੇਗਾ, ਜੇਕਰ ਫਿਰ ਵੀ ਮੰਗਾਂ ਲਾਗੂ ਨਾ ਕੀਤੀਆਂ ਤਾਂ ਅਪ੍ਰੈਲ ਦੇ ਪਹਿਲੇ ਹਫ਼ਤੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ | ਇਸ ਮੌਕੇ ਜੋਗਿੰਦਰ ਸਿੰਘ ਰੰਧਾਵਾ ਸੂਬਾ ਆਗੂ, ਪ੍ਰਧਾਨ ਬਲਵਿੰਦਰ ਸਿੰਘ ਦੂਲਾ ਨੰਗਲ, ਸੁਖਵਿੰਦਰ ਸਿੰਘ ਗਿੱਲ, ਰਣਬੀਰ ਸਿੰਘ, ਸੰਤੋਖ ਸਿੰਘ, ਬਾਬਾ ਦਰਸ਼ਨ ਸਿੰਘ, ਅਰਜਨ ਸਿੰਘ, ਇੰਜੀ: ਤੀਰਥ ਸਿੰਘ ਵਿਰਦੀ, ਅਨੂਪ ਸਿੰਘ, ਕਮਲ ਕਿਸ਼ੋਰ ਆਦਿ ਹਾਜ਼ਰ ਸਨ |