ਬਟਾਲਾ, 3 ਮਾਰਚ (ਰਾਕੇਸ਼ ਰੇਖੀ)-ਪਿੰਡ ਹਸਨਪੁਰਾ ਖੁਰਦ ਦੇ ਇਕ ਘਰ ਵਿਚ ਅਣਪਛਾਤੇ ਲੋਕਾਂ ਵਲੋਂ ਪੈਟਰੋਲ ਸੁੱਟ ਕੇ ਅੱਗ ਲਗਾ ਦਿੱਤੀ ਗਈ, ਪਰ ਸਮੇਂ ਸਿਰ ਪਤਾ ਲੱਗ ਜਾਣ 'ਤੇ ਪਰਿਵਾਰ ਵਾਲ-ਵਾਲ ਬਚ ਗਿਆ | ਅੱਗ ਲੱਗਣ ਨਾਲ ਘਰ ਦਾ ਕੀਮਤੀ ਸਾਮਾਨ ਸੜ੍ਹ ਗਿਆ | ਥਾਣਾ ਸਦਰ ਦੇ ਏ.ਐਸ.ਆਈ. ਲਖਬੀਰ ਸਿੰਘ ਨੇ ਦੱਸਿਆ ਕਿ ਪਿੰਡ ਹਸਨਪੁਰ ਖੁਰਦ ਦੀ ਰਹਿਣ ਵਾਲੀ ਸਤਿੰਦਰ ਕੌਰ ਵਿਧਵਾ ਸੁੁਰਜੀਤ ਸਿੰਘ ਨੇ ਸ਼ਿਕਾਇਤ ਦਰਜ਼ ਕਰਵਾਈ ਕਿ 2 ਮਾਰਚ ਦੀ ਰਾਤ ਨੂੰ ਉਹ ਆਪਣੇ ਚਾਰ ਬੱਚਿਆਂ ਨਾਲ ਘਰ ਦੇ ਇਕ ਕਮਰੇ ਵਿਚ ਸੁੱਤੀ ਹੋਈ ਸੀ | ਤੜਕੇ ਕਰੀਬ 2:45 ਵਜੇ ਕਿਸੇ ਨਾ-ਮਾਲੂਮ ਵਿਅਕਤੀ ਨੇ ਬਾਰੀ ਦਾ ਸੀਸਾ ਤੋੜ ਕੇ ਅੱਗ ਲੱਗੀ ਪੈਟਰੋਲ ਨਾਲ ਭਰੀ ਹੋਈ ਬੋਤਲ ਅੰਦਰ ਸੁੱਟ ਦਿੱਤੀ, ਜਿਸ ਨਾਲ ਆਵਾਜ਼ ਨਾਲ ਘਰ ਦੇ ਕਮਰੇ ਵਿਚ ਅੱਗ ਫੈਲ ਗਈ | ਉਸ ਨੇ ਤੁਰੰਤ ਉਠ ਕੇ ਆਪਣੇ ਬੱਚਿਆਂ ਨੂੰ ਉਠਾਇਆ ਤੇ ਜਲਦੀ ਨਾਲ ਕਮਰੇ ਵਿਚੋਂ ਬਾਹਰ ਆ ਗਈ | ਰੌਲਾ ਸੁਣ ਕੇ ਉਨ੍ਹਾਂ ਦਾ ਗੁਆਂਢੀ ਮਿੱਠੂ ਆ ਗਿਆ ਤੇ ਉਸ ਨੇ ਪਾਣੀ ਪਾ ਕੇ ਅੱਗ ਬੁਝਾਈ | ਇਸ ਅੱਗ ਨਾਲ ਪਰਿਵਾਰ ਨੂੰ ਕੋਈ ਨੁਕਸਾਨ ਨਹੀ ਹੋਇਆ, ਪਰ ਅੱਗ ਲੱਗਣ ਕਾਰਨ ਕੰਧ ਉੱਤੇ ਲੱਗੀ ਐਲ.ਸੀ.ਡੀ., ਮੋਬਾਇਲ ਫੋਨ, ਬੈੱਡ ਦਾ ਗੱਦਾ ਅਤੇ ਚਾਦਰਾਂ ਪੁਰੀ ਤਰ੍ਹਾਂ ਸੜ੍ਹ ਗਈਆਂ | ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ ਨਾਮਾਲੂਮ ਵਿਅਕਤੀ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ |