ਗੁਰਦਾਸਪੁਰ, 3 ਮਾਰਚ (ਅਸ਼ੋਕ ਸ਼ਰਮਾ)-ਡੇਰਾ ਬਾਬਾ ਨਾਨਕ ਵਿਖੇ ਸ੍ਰੀ ਚੋਲ੍ਹਾ ਸਾਹਿਬ ਦੇ ਦਰਸ਼ਨਾਂ ਲਈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਚੰਡੀਦਾਸ ਤੇ ਰਛਪਾਲਵਾਂ ਤੋਂ ਬਾਬਾ ਮਹਿੰਗਾ ਸਿੰਘ ਦੀ ਅਗਵਾਈ ਹੇਠ ਚੱਲੇ ਪੈਦਲ ਸੰਗ ਦਾ ਵੱਖ ਵੱਖ ਪਿੰਡਾਂ ਅੰਦਰ ਭਰਵਾਂ ਸਵਾਗਤ ਕੀਤਾ ਗਿਆ | ਸਭ ਤੋਂ ਪਹਿਲਾਂ ਪਿੰਡ ਦਾਊਵਾਲ ਵਿਖੇ ਸੰਗ ਦੇ ਪਹੁੰਚਣ 'ਤੇ ਸੰਗਤਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਉਸ ਤੋਂ ਬਾਅਦ ਪੁਰਾਣਾ ਸ਼ਾਲਾ ਵਿਖੇ ਪਹੁੰਚਣ 'ਤੇ ਲਗਪਗ 40-50 ਪਿੰਡਾਂ ਦੀਆਂ ਸੰਗਤਾਂ ਵਲੋਂ ਬਾਬਾ ਜੀ ਨੰੂ ਸਿਰੋਪਾ ਭੇਟ ਕਰਕੇ ਤੇ ਫੁੱਲਾਂ ਦੀ ਵਰਖਾ ਕਰਕੇ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਰਮਵੀਰ ਸਿੰਘ ਲਾਡੀ, ਕਮਲਜੀਤ ਚਾਵਲਾ, ਬਾਬਾ ਸੁਖਵਿੰਦਰ ਸਿੰਘ ਭਿੱਲੀ, ਸਰਬਜੀਤ ਸਿੰਘ ਲਾਲੀਆ, ਐਡਵੋਕੇਟ ਰਾਕੇਸ਼ ਨਡਾਲਾ, ਸਰਪੰਚ ਮੁਲਖ ਰਾਜ ਨਡਾਲਾ, ਬਾਬਾ ਮੁਖ਼ਤਿਆਰ ਸਿੰਘ, ਬਲਜਿੰਦਰ ਸਿੰਘ ਚੀਮਾ, ਨਿਸ਼ਾਨ ਸਿੰਘ ਮੇਘੀਆਂ, ਸਾਬਕਾ ਚੇਅਰਮੈਨ ਬਲਜੀਤ ਸਿੰਘ ਖ਼ਾਲਸਾ, ਕੈਪਟਨ ਪਿਆਰਾ ਸਿੰਘ, ਸਾਬਕਾ ਸਰਪੰਚ ਭਗਵਾਨ ਸਿੰਘ ਜਗਤਪੁਰ, ਸਰਪੰਚ ਜੋਗਿੰਦਰਪਾਲ, ਰਾਮ ਲੁਭਾਇਆ ਤੋਂ ਇਲਾਵਾ ਹੋਰ ਮੋਹਤਬਰਾਂ ਵਲੋਂ ਬਾਬਾ ਮਹਿੰਗਾ ਸਿੰਘ ਅਤੇ ਹੋਰ ਸਾਥੀਆਂ ਨੰੂ ਸਿਰੋਪੇ ਪਾ ਕੇ ਸਨਮਾਨਿਤ ਕੀਤਾ ਗਿਆ | ਇਸ ਸੰਗ ਦੇ ਸਵਾਗਤ ਲਈ ਜਿਥੇ ਸੰਗਤਾਂ ਵਲੋਂ ਵੱਖ ਵੱਖ ਪੰਡਾਲ ਸਜਾਏ ਗਏ ਸਨ | ਨਵਾਂ ਸ਼ਾਲਾ ਵਿਖੇ ਸੂਬੇਦਾਰ ਅਮਰੀਕ ਸਿੰਘ ਦੀ ਅਗਵਾਈ ਹੇਠ ਸਜਾਏ ਦੀਵਾਨਾਂ ਵਿਚ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਜਾਪ ਕੀਤੇ ਗਏ | ਉਪਰੰਤ ਰਾਗੀ, ਢਾਡੀ ਜਥਾ ਭਾਈ ਦਲਬੀਰ ਸਿੰਘ ਔਜਲਾ, ਭਾਈ ਅਮਰੀਕ ਸਿੰਘ ਖੁੰਡੇ ਵਾਲਿਆਂ ਵਲੋਂ ਵੀ ਗੁਰੂ ਨਾਨਕ ਜੀ ਦੀ ਜੀਵਨੀ 'ਤੇ ਚਾਨਣਾ ਪਾ ਕੇ ਸੰਗਤਾਂ ਨੰੂ ਗੁਰਬਾਣੀ ਨਾਲ ਜੋੜਿਆ ਗਿਆ, ਉੱਥੇ ਹੀ ਸੰਗਤਾਂ ਵਲੋਂ ਥਾਂ ਥਾਂ 'ਤੇ ਲੰਗਰਾਂ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ | ਇਸ ਤੋਂ ਇਲਾਵਾ ਪਿੰਡ ਚਾਵਾ, ਨਵਾਂ ਸ਼ਾਲਾ, ਪੁਲ ਤਿੱਬੜੀ, ਗੁੰਝੀਆਂ, ਪੰਧੇਰ, ਭੁਲੇਚੱਕ, ਬੱਬੇਹਾਲੀ, ਗੋਹਤ ਪੋਖਰ ਆਦਿ ਪਿੰਡਾਂ ਦੀਆਂ ਸੰਗਤਾਂ ਵਲੋਂ ਸੰਗ ਦੇ ਸਵਾਗਤ ਲਈ ਗੰਨੇ ਦਾ ਰਸ, ਫਲ, ਦੁੱਧ, ਖੀਰ, ਚਾਹ ਪਕੌੜੇ, ਜਲੇਬੀਆਂ ਦੇ ਲੰਗਰ ਲਗਾਏ ਗਏ ਸਨ | ਜਦੋਂ ਕਿ ਇਸ ਮੌਕੇ ਸ਼ਰਧਾਲੂਆਂ ਵਲੋਂ ਸੰਗਤ ਲਈ ਮੈਡੀਕਲ ਕੈਂਪ ਦੀ ਸੇਵਾ ਵੀ ਨਿਭਾਈ ਗਈ | ਇਸ ਸੰਗ ਦੌਰਾਨ ਸੰਗਤਾਂ ਵਿਚ ਭਾਰੀ ਉਤਸ਼ਾਹ ਨਜ਼ਰ ਆਇਆ ਅਤੇ ਦੂਰ ਦੁਰਾਡੇ ਦੇ ਪਿੰਡਾਂ ਦੀਆਂ ਸੰਗਤਾਂ ਨੇ ਬਾਬਾ ਜੀ ਦੇ ਦਰਸ਼ਨ ਕਰਕੇ ਆਸ਼ੀਰਵਾਦ ਪ੍ਰਾਪਤ ਕੀਤਾ | ਇਹ ਸੰਗ ਗੁਰਦਾਸਪੁਰ ਤੋਂ ਹੁੰਦਾ ਹੋਇਆ ਸ਼ਾਮ ਨੰੂ ਜੌੜਾ ਛੱਤਰਾਂ ਵਿਖੇ ਵਿਸ਼ਰਾਮ ਕਰੇਗਾ, ਉਸ ਤੋਂ ਬਾਅਦ 4 ਮਾਰਚ ਨੰੂ ਅਗਲੇ ਪੜਾਅ ਤਹਿਤ ਡੇਰਾ ਬਾਬਾ ਨਾਨਕ ਲਈ ਰਵਾਨਾ ਹੋਵੇਗਾ |