ਊਧਨਵਾਲ, 3 ਮਾਰਚ (ਪਰਗਟ ਸਿੰਘ)-ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਤੋਂ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਸਾਬਕਾ ਵਿਧਾਇਕ ਦੇਸਰਾਜ ਸਿੰਘ ਧੁੱਗਾ ਨੇ ਸਾਥੀਆਂ ਸਮੇਤ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਨੇ ਪੂਰੇ ਪੰਜਾਬ ਦਾ ਬੇੜਾ ਗਰਕ ਕਰ ਕੇ ਰੱਖ ਦਿੱਤਾ ਹੈ | ਦਿੱਲੀ ਵਾਲਿਆਂ ਦੇ ਇਸ਼ਾਰਿਆਂ 'ਤੇ ਪੰਜਾਬ ਦਾ ਪੈਸਾ ਆਪਣੀਆਂ ਫੋਕੀਆਂ ਸ਼ੋਹਰਤਾਂ ਨੂੰ ਵਿਖਾਉਣ ਲਈ ਖਰਚ ਕਰ ਕੇ ਪੰਜਾਬ ਨੂੰ ਕੰਗਾਲੀ ਦੀ ਰਾਹ 'ਤੇ ਪਾ ਦਿੱਤਾ ਹੈ | ਸ਼੍ਰ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹਰੇਕ ਹਲਕੇ ਵਿਚ ਰੈਲੀਆਂ ਕਰ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ ਅਤੇ ਲੋਕਾਂ ਵਲੋਂ ਮਣਾਂ ਮੂੰਹੀਂ ਪਿਆਰ ਵੀ ਮਿਲ ਰਿਹਾ, ਜਿਸ ਦੀ ਬਦੌਲਤ 2027 ਵਿਚ ਸ: ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਸਰਕਾਰ ਬਣਨੀ ਤੈਅ ਹੈ, ਜਿਸ ਨੂੰ ਹੁਣ ਕੋਈ ਸਿਆਸੀ ਪਾਰਟੀ ਨਹੀ ਰੋਕ ਸਕਦੀ | ਸ: ਧੁੱਗਾ ਨੇ ਅੱਡਾ ਧੰਦੋਈ ਵਿਖੇ ਆਪਣੇ ਪੁਰਾਣੇ ਸਾਥੀ ਹਰਦੀਪ ਸਿੰਘ ਕਲੇਰ ਦੀ ਅਗਵਾਈ ਵਿਚ ਅਕਾਲੀ ਵਰਕਰਾਂ ਨਾਲ ਮੀਟਿੰਗ ਕਰਦਿਆਂ ਅੱਗੇ ਕਿਹਾ ਕਿ ਸ: ਸੁਖਬੀਰ ਸਿੰਘ ਬਾਦਲ, ਜੋ ਕਹਿੰਦੇ ਹਨ, ਉਹ ਕਰ ਕੇ ਦੱਸਦੇ ਹਨ | ਉਨ੍ਹਾਂ ਆਖਿਆ ਕਿ ਪੰਜਾਬ ਦੇ ਲੋਕਾਂ ਨੇ ਮਨ ਬਣਾ ਲਿਆ ਹੈ ਕਿ ਇਸ ਵਾਰ ਆਪਣੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣੀ ਹੈ ਤੇ ਫਿਰ ਪਹਿਲਾਂ ਵਾਂਗ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ਉੱਤੇ ਲਿਆਉਣਾ ਹੈ | ਇਸ ਮੌਕੇ ਹਰਦੀਪ ਸਿੰਘ ਕਲੇਰ, ਪ੍ਰੇਮ ਕੁਮਾਰ, ਰਾਜਪਾਲ ਬਿੱਟੂ, ਬਲਜਿੰਦਰ ਸਿੰਘ ਮੁਰਾਦਪੁਰ, ਜਸਪਿੰਦਰ ਸਿੰਘ, ਨਿਰਵੈਰ ਸਿੰਘ, ਅਸ਼ੋਕ ਕੁਮਾਰ, ਗੋਪੀ ਮੁਰਾਦਪੁਰ, ਗੁਰਤੇਜ ਸਿੰਘ, ਸੁਖਦੀਪ ਸਿੰਘ ਪੰਨੂ, ਮੁਖਤਿਆਰ ਸਿੰਘ ਆਦਿ ਹਾਜ਼ਰ ਸਨ |