ਅੱਚਲ ਸਾਹਿਬ, 3 ਮਾਰਚ (ਗੁਰਚਰਨ ਸਿੰਘ)-ਪਿੰਡ ਬੱਲਪੁਰੀਆਂ (ਪੁਰੀਆਂ ਕਲਾਂ) ਵਿਖੇ ਸਮੁਹ ਨਗਰ ਅਤੇ ਇਲਾਕੇ ਦੀਆਂ ਸੰਗਤਾਂ, ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਅਤੇ ਬਾਬਾ ਗੁਰਦੀਪ ਸਿੰਘ ਖੁਜਾਲੇ ਵਾਲਿਆਂ ਦੇ ਉਦਮ ਸਦਕਾ 29ਵਾਂ ਸਾਲਾਨਾ ਮਹਾਨ ਸੰਤ ਸਮਾਗਮ ਅਤੇ ਅੰਮਿ੍ਤ ਸੰਚਾਰ 6, 7 ਅਤੇ 8 ਮਾਰਚ ਨੂੰ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਜਾ ਰਿਹਾ ਹੈ | ਮੁੱਖ ਪ੍ਰਬੰਧਕ ਬਾਬਾ ਗੁਰਦੀਪ ਸਿੰਘ ਨੇ ਦੱਸਿਆ ਕਿ ਅੱਜ 4 ਮਾਰਚ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਜਾਣਗੇ | 6 ਮਾਰਚ ਨੂੰ ਸਵੇਰੇ 10 ਵਜੇ ਭੋਗ ਪਾਏ ਜਾਣਗੇ | ਉਪਰੰਤ ਖੁੱਲੇ ਪੰਡਾਲਾਂ ਵਿਚ ਤਿੰਨੇ ਦਿਨ 11 ਵਜੇ ਤੋਂ 5:30 ਤੱਕ ਦੀਵਾਨ ਸਜਾਏ ਜਾਣਗੇ, ਜਿਸ ਵਿਚ ਪੰਥ ਦੇ ਪ੍ਰਸਿੱਧ ਰਾਗੀ, ਢਾਡੀ, ਕੀਰਤਨੀ ਅਤੇ ਕਥਾਵਾਚਕ ਜਥੇ ਸੰਗਤਾਂ ਨੂੰ ਹਰ ਜੱਸ ਰਾਹੀਂ ਨਿਹਾਲ ਕਰਨਗੇ | ਇਨ੍ਹਾਂ ਸਮਾਗਮਾਂ ਵਿਚ ਉਚੇਚੇ ਤੌਰ 'ਤੇ ਸੰਤ-ਮਹਾਂਪੁਰਸ਼ ਅਤੇ ਧਾਰਮਿਕ ਸ਼ਖ਼ਸੀਅਤਾਂ ਵੀ ਹਾਜ਼ਰੀਆਂ ਭਰਨਗੀਆਂ | ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਗੁਰਿੰਦਰਪਾਲ ਸਿੰਘ ਭਾਟੀਆ ਦੇ ਉਪਰਾਲੇ ਸਦਕਾ 8 ਮਾਰਚ ਸਵੇਰੇ 10 ਵਜੇ ਮਹਾਨ ਅੰਮਿ੍ਤ ਸੰਚਾਰ ਕਰਵਾਇਆ ਜਾਵੇਗਾ, ਜਿਸ ਵਿਚ ਧਰਮ ਪ੍ਰਚਾਰ ਕਮੇਟੀ ਵਲੋਂ ਅੰਮਿ੍ਤ ਅਭਿਲਾਖੀਆਂ ਨੂੰ ਭੇਟਾ ਰਹਿਤ ਕਕਾਰ ਦਿੱਤੇ ਜਾਣਗੇ | ਕਥਾਵਾਚਕ ਭਾਈ ਗੁਰਤੇਗ ਸਿੰਘ ਬੱਲਪੂਰੀਆਂ ਨੇ ਦੱਸਿਆ ਕਿ ਇਨ੍ਹਾਂ ਸਮਾਗਮਾਂ ਵਿਚ ਤਿੰਨੇ ਦਿਨ ਹੀ ਬਾਬਾ ਗੁਰਦੀਪ ਸਿੰਘ ਖੁਜਾਲੇ ਵਾਲੇ ਕਥਾ-ਕੀਰਤਨ ਦੀਆਂ ਹਾਜ਼ਰੀਆਂ ਭਰਨਗੇ |