ਧਾਰੀਵਾਲ, 3 ਮਾਰਚ (ਜੇਮਸ ਨਾਹਰ)-ਪੰਜਾਬ ਚੰਡੀਗੜ੍ਹ ਟੀਚਰਜ਼ ਯੂਨੀਅਨ ਧਾਰੀਵਾਲ ਵਲੋਂ ਪੰਜਾਬ ਚੰਡੀਗੜ੍ਹ ਟੀਚਰਜ਼ ਯੂਨੀਅਨ ਜ਼ਿਲ੍ਹਾ ਗੁਰਦਾਸਪੁਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਲੰਬੇ ਸਮੇਂ ਤੋਂ ਆਪਣੀਆਂ ਵਾਜ਼ਬ ਮੰਗਾਂ ਪੂਰੀਆਂ ਨਾ ਹੋਣ ਕਾਰਨ ਕਾਲਜ ਵਿਖੇ ਕਾਲਜ ਪ੍ਰਬੰਧਕਾਂ ਅਤੇ ਕਾਰਜਕਾਰੀ ਪਿ੍ੰਸੀਪਲ ਦੇ ਖ਼ਿਲਾਫ਼ ਕਾਲਜ ਕੈਂਪਸ ਵਿਖੇ 2 ਪੀਰੀਅਡ ਦਾ ਸ਼ਾਂਤਮਈ ਧਰਨਾ ਲਗਾ ਕੇ ਰੋਸ ਪ੍ਰਗਟਾਇਆ ਗਿਆ | ਜ਼ਿਕਰਯੋਗ ਹੈ ਕਿ ਇਸ ਦੌਰਾਨ ਵਿਦਿਆਰਥੀਆਂ ਦੀ ਪੜ੍ਹਾਈ ਦਾ ਕਿਸੇ ਪ੍ਰਕਾਰ ਦਾ ਨੁਕਸਾਨ ਨਹੀਂ ਹੋਣ ਦਿੱਤਾ ਗਿਆ | ਲਾਇਬ੍ਰੇਰੀ ਦਾ ਕੰਮ ਕਾਜ ਅਤੇ ਜਮਾਤਾਂ ਆਮ ਵਾਂਗ ਹੀ ਲੱਗੀਆਂ | ਇਸ ਮੌਕੇ ਡਾਕਟਰ ਚਰਨਜੀਤ ਸਿੰਘ ਏਰੀਆ ਸੈਕਟਰੀ ਪੰਜਾਬ ਚੰਡੀਗੜ੍ਹ ਟੀਚਰ ਯੂਨੀਅਨ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ, ਡਾ. ਗੁਰਬੀਰ ਸਿੰਘ ਬਰਾੜ ਸੈਕਟਰੀ ਯੂਨਿਟ ਪੀ.ਸੀ.ਸੀ.ਟੀ.ਯੂ. ਗੁਰੂ ਨਾਨਕ ਕਾਲਜ ਬਟਾਲਾ ਅਤੇ ਕਸ਼ਮੀਰ ਸਿੰਘ ਗੁਰੂ ਨਾਨਕ ਕਾਲਜ ਬਟਾਲਾ ਵਿਸ਼ੇਸ਼ ਰੂਪ ਨਾਲ ਧਰਨੇ ਵਿਚ ਸ਼ਾਮਿਲ ਹੋਏ | ਡਾ. ਚਰਨਜੀਤ ਸਿੰਘ ਨੇ ਧਰਨੇ ਵਿਚ ਸ਼ਾਮਿਲ ਹੋ ਕੇ ਅਧਿਆਪਕਾਂ ਦੀ ਹੌਂਸਲਾ ਅਫ਼ਜਾਈ ਕੀਤੀ ਅਤੇ ਧਰਨੇ ਵਿਚ ਬੈਠੇ ਅਧਿਆਪਕਾਂ ਨਾਲ ਵਿਚਾਰ-ਵਟਾਂਦਰਾ ਕੀਤਾ | ਉਨ੍ਹਾਂ ਇਹ ਭਰੋਸਾ ਦਿਵਾਇਆ ਕਿ ਤੁਸੀਂ ਆਪਣੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਇਸੇ ਤਰ੍ਹਾਂ ਯਤਨਸ਼ੀਲ ਰਹਿਣਾ ਅਤੇ ਪੰਜਾਬ ਟੀਚਰਜ਼ ਯੂਨੀਅਨ ਚੰਡੀਗੜ੍ਹ ਤੁਹਾਡੇ ਨਾਲ ਇਸ ਸੰਘਰਸ਼ ਵਿਚ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ | ਇਸ ਮੌਕੇ ਡਾ. ਸੀਮਾ ਸੈਣੀ, ਮੈਡਮ ਸੁਮਨ ਬਾਲਾ, ਪ੍ਰੋ. ਮਨਿੰਦਰਜੀਤ ਕੌਰ, ਡਾ. ਹਰਜਿੰਦਰ ਕੌਰ, ਡਾ. ਮਨਜੀਤ ਸਿੰਘ ਸੈਕਟਰੀ ਧਾਰੀਵਾਲ, ਪ੍ਰੋ. ਦੀਪ ਕੁਮਾਰ ਪ੍ਰਧਾਨ ਧਾਰੀਵਾਲ ਹਾਜ਼ਰ ਸਨ |