ਪਠਾਨਕੋਟ, 3 ਮਾਰਚ (ਆਸ਼ੀਸ਼ ਸ਼ਰਮਾ)-ਵਾਰਡ ਨੰਬਰ-5 ਵਿਚ ਅੱਜ ਇਕ ਵਿਸ਼ੇਸ਼ ਸਮਾਗਮ ਦੌਰਾਨ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਵਿਭੂਤੀ ਸ਼ਰਮਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਦੇ ਹੋਏ ਪੁਰਾਣੀ ਸ਼ਾਹਪੁਰ ਰੋਡ ਦੇ ਨਿਰਮਾਣ ਕਾਰਜ ਦਾ ਉਦਘਾਟਨ ਕੀਤਾ | ਇਸ ਦੌਰਾਨ ਵਿਭੂਤੀ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਗਰ ਵਿਕਾਸ ਫ਼ੰਡ ਦੀ ਸਹਾਇਤਾ ਨਾਲ ਸ਼ਾਹਪੁਰ ਚੌਕ ਤੋਂ ਖੱਡੀ ਪੁਲ ਤੱਕ ਨਵੀਂ ਸੜਕ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਇਹ ਸੜਕ ਇਲਾਕੇ ਦੀ ਮੁੱਖ ਸੜਕ ਵਜੋਂ ਕੰਮ ਕਰਦੀ ਹੈ ਅਤੇ ਇਸ ਦੀ ਖ਼ਰਾਬ ਹਾਲਤ ਕਾਰਨ ਲੋਕਾਂ ਨੂੰ ਰੋਜ਼ਾਨਾ ਆਵਾਜਾਈ ਵਿਚ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ | ਨਵੀਂ ਸੜਕ ਬਣਨ ਨਾਲ ਨਾ ਸਿਰਫ਼ ਟ੍ਰੈਫਿਕ ਸੁਚਾਰੂ ਹੋਵੇਗੀ, ਸਗੋਂ ਹਾਦਸਿਆਂ ਵਿਚ ਵੀ ਕਮੀ ਆਵੇਗੀ | ਉਨ੍ਹਾਂ ਹੋਰ ਦੱਸਿਆ ਕਿ ਮੰਡੀ ਬੋਰਡ ਦੇ ਸਹਿਯੋਗ ਨਾਲ ਮਨਵਾਲ ਅਤੇ ਪਠਾਨਕੋਟ ਨੂੰ ਜੋੜਨ ਵਾਲੀ ਸੰਪਰਕ ਸੜਕ 'ਤੇ ਨਵੇਂ ਪੁਲ ਦੇ ਨਿਰਮਾਣ ਨੂੰ ਵੀ ਮਨਜ਼ੂਰੀ ਮਿਲ ਗਈ ਹੈ | ਇਸ ਪ੍ਰੋਜੈਕਟ ਨਾਲ ਇਲਾਕੇ ਦੇ ਵਪਾਰ ਅਤੇ ਆਵਾਜਾਈ ਨੂੰ ਵੱਡਾ ਬਲ ਮਿਲੇਗਾ ਅਤੇ ਪਿੰਡਾਂ ਨੂੰ ਸ਼ਹਿਰ ਨਾਲ ਜੋੜਨ ਵਿਚ ਸੁਵਿਧਾ ਹੋਵੇਗੀ | ਪ੍ਰੋਗਰਾਮ ਵਿਚ ਹਾਜ਼ਰ ਅਭੀ ਸ਼ਰਮਾ, ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਆਗੂ ਨੇ ਕਿਹਾ ਕਿ ਪੁਰਾਣੀ ਸੜਕ ਦੀ ਮਾੜੀ ਹਾਲਤ ਕਾਰਨ ਲੋਕਾਂ ਨੂੰ ਕਾਫ਼ੀ ਦਿੱਕਤਾਂ ਆ ਰਹੀਆਂ ਸਨ |