ਪਠਾਨਕੋਟ, 3 ਮਾਰਚ (ਆਸ਼ੀਸ਼ ਸ਼ਰਮਾ)- ਸਿਵਲ ਹਸਪਤਾਲ ਪਠਾਨਕੋਟ ਵਿਚ ਨਵੇਂ ਕਿ੍ਟੀਕਲ ਕੇਅਰ ਯੂਨਿਟ ਦੀ ਇਮਾਰਤ ਦਾ ਕੰਮ ਤੇਜ਼ੀ ਨਾਲ ਜਾਰੀ ਹੈ ਅਤੇ ਇਹ ਜਲਦੀ ਹੀ ਤਿਆਰ ਹੋਣ ਵਾਲੀ ਹੈ | ਹਸਪਤਾਲ ਦੇ ਐਸ.ਐਮ.ਓ. ਡਾ: ਸੁਨੀਲ ਚੰਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਗਪਗ 16 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੀ ਇਹ ਇਮਾਰਤ ਮਈ-ਜੂਨ ਮਹੀਨੇ ਤੱਕ ਮੁਕੰਮਲ ਕਰ ਲਈ ਜਾਵੇਗੀ | ਉਨ੍ਹਾਂ ਕਿਹਾ ਕਿ ਨਵੇਂ ਯੂਨਿਟ ਦੇ ਸ਼ੁਰੂ ਹੋਣ ਨਾਲ ਇਲਾਕੇ ਦੇ ਲੋਕਾਂ ਨੂੰ ਆਧੁਨਿਕ ਅਤੇ ਬਿਹਤਰ ਸਿਹਤ ਸਹੂਲਤਾਂ ਪ੍ਰਾਪਤ ਹੋਣਗੀਆਂ | ਡਾ: ਸੁਨੀਲ ਚੰਦ ਨੇ ਦੱਸਿਆ ਕਿ ਕਿ੍ਟੀਕਲ ਕੇਅਰ ਯੂਨਿਟ ਵਿਚ ਆਧੁਨਿਕ ਮੈਡੀਕਲ ਉਪਕਰਨ ਲਗਾਏ ਜਾਣਗੇ, ਜਿਸ ਨਾਲ ਗੰਭੀਰ ਹਾਲਤ ਵਾਲੇ ਮਰੀਜ਼ਾਂ ਦਾ ਤੁਰੰਤ ਅਤੇ ਪ੍ਰਭਾਵਸ਼ਾਲੀ ਇਲਾਜ ਸੰਭਵ ਹੋ ਸਕੇਗਾ | ਖ਼ਾਸ ਕਰਕੇ ਐਮਰਜੈਂਸੀ ਮਾਮਲਿਆਂ ਵਿਚ ਇਸ ਯੂਨਿਟ ਦੀ ਭੂਮਿਕਾ ਬਹੁਤ ਮਹੱਤਵਪੂਰਨ ਰਹੇਗੀ | ਇਸ ਨਾਲ ਮਰੀਜ਼ਾਂ ਨੂੰ ਦੂਜੇ ਸ਼ਹਿਰਾਂ ਵਿਚ ਰੈਫ਼ਰ ਕਰਨ ਦੀ ਲੋੜ ਘਟੇਗੀ ਅਤੇ ਸਮੇਂ ਸਿਰ ਇਲਾਜ ਮਿਲ ਸਕੇਗਾ |