ਪਠਾਨਕੋਟ, 3 ਮਾਰਚ (ਸੁਮਿਤ)-ਇਨਕਲਾਬੀ ਮਾਰਕਸਵਾਦੀ ਪਾਰਟੀ ਵਲੋਂ ਅੱਜ ਆਗੂ ਨੱਥਾ ਸਿੰਘ ਡਡਵਾਲ ਦੀ ਅਗਵਾਈ ਹੇਠ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪੁਤਲਾ ਸਾੜ ਕੇ ਅਮਰੀਕਾ ਅਤੇ ਇਜ਼ਰਾਇਲ ਖ਼ਿਲਾਫ਼ ਤਿੱਖਾ ਰੋਸ ਪ੍ਰਦਰਸ਼ਨ ਕੀਤਾ ਗਿਆ | ਪ੍ਰਦਰਸ਼ਨ ਦੌਰਾਨ ਪਾਰਟੀ ਵਰਕਰਾਂ ਨੇ ਨਾਅਰੇਬਾਜ਼ੀ ਕਰਦੇ ਹੋਏ ਮੱਧ ਪੂਰਬ ਵਿਚ ਵੱਧ ਰਹੇ ਤਣਾਅ ਲਈ ਅਮਰੀਕਾ ਅਤੇ ਇਜ਼ਰਾਈਲ ਦੀਆਂ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ | ਪ੍ਰਦਰਸ਼ਨ ਨੂੰ ਸੰਬੋਧਨ ਕਰਦੇ ਹੋਏ ਕਾਮਰੇਡ ਨੱਥਾ ਸਿੰਘ ਡਡਵਾਲ ਨੇ ਕਿਹਾ ਕਿ ਬੇਲੋੜੀ ਲੜਾਈ ਦੀ ਕੋਈ ਲੋੜ ਨਹੀਂ ਸੀ ਅਤੇ ਵਿਸ਼ਵ ਸ਼ਾਂਤੀ ਨੂੰ ਖ਼ਤਰੇ ਵਿਚ ਪਾਉਣਾ ਮਨੁੱਖਤਾ ਵਿਰੁੱਧ ਕਦਮ ਹੈ | ਉਨ੍ਹਾਂ ਨਾਲ ਕਾਮਰੇਡ ਸ਼ਿਵ ਕੁਮਾਰ ਅਤੇ ਬਲਵੰਤ ਸਿੰਘ ਘੋਹ ਸਮੇਤ ਹੋਰ ਆਗੂ ਵੀ ਮੌਜੂਦ ਸਨ | ਪਾਰਟੀ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਵਿਸ਼ਵ ਸ਼ਕਤੀਆਂ ਨੇ ਆਪਣੀ ਹਠਧਰਮੀ ਨਾ ਛੱਡੀ ਤਾਂ ਹਾਲਾਤ ਵਿਸ਼ਵ ਯੁੱਧ ਵੱਲ ਵੱਧ ਸਕਦੇ ਹਨ, ਜੋ ਮਨੁੱਖਤਾ ਅਤੇ ਦੁਨੀਆਂ ਦੇ ਖ਼ਾਤਮੇ ਵੱਲ ਖ਼ਤਰਨਾਕ ਕਦਮ ਸਾਬਤ ਹੋ ਸਕਦਾ ਹੈ |