ਬਟਾਲਾ, 5 ਮਾਰਚ (ਹਰਦੇਵ ਸਿੰਘ ਸੰਧੂ)- ਬਟਾਲਾ ਨਜ਼ਦੀਕ ਪਿੰਡ ਨੱਤ ਦੇ ਲਖਵਿੰਦਰ ਸਿੰਘ ਪੁੱਤਰ ਹਜ਼ਾਰਾ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਉਹ ਬੀਤੇ ਦਿਨ ਆਪਣੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਲੰਗਰ ਦੀ ਸੇਵਾ ਕਰ ਰਿਹਾ ਸੀ ਕਿ ਉਥੇ ਇਕ ਲੜਕਾ ਗਾਲ੍ਹਾਂ ਕੱਢਦਾ ਹੋਇਆ ਮੇਰੇ ਵੱਲ ਆਇਆ ਤੇ ਮੇਰੇ ਉਪਰ ਕਥਿਤ ਤੌਰ 'ਤੇ ਪਿਸਤੌਲ ਤਾਣ ਦਿੱਤੀ ਤੇ ਮੈਂ ਆਪਣੇ ਬਚਾਅ ਲਈ ਉਕਤ ਵਿਅਕਤੀ ਕੋਲੋਂ ਪਿਸਤੌਲ ਖੋਹਣ ਦੀ ਕੋਸ਼ਿਸ਼ ਕੀਤੀ ਪਰ ਉਸ ਵਿਅਕਤੀ ਨੇ ਮੇਰੇ ਹੱਥ ਦੀ ਉਂਗਲ 'ਤੇ ਦੰਦੀ ਵੱਢ ਦਿੱਤੀ ਤੇ ਪਿਸਤੌਲ ਖੋਹ ਕੇ ਫ਼ਰਾਰ ਹੋ ਗਿਆ ਤੇ ਉਲਟਾ ਸਾਡੇ ਉਪਰ ਮਾਮਲਾ ਦਰਜ ਕਰਵਾ ਦਿੱਤਾ ਗਿਆ ਹੈ ਤੇ ਪੁਲਿਸ ਵਲੋਂ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ | ਉਨ੍ਹਾਂ ਕਿਹਾ ਕਿ ਸਾਡੀ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਹੈ ਕਿ ਮੇਰੇ 'ਤੇ ਪਿਸਤੌਲ ਤਾਨਣ ਵਾਲੇ ਵਿਅਕਤੀ ਉੱਪਰ ਬਣਦੀ ਕਾਰਵਾਈ ਕੀਤੀ ਜਾਵੇ | ਇਸ ਸੰਬੰਧੀ ਥਾਣਾ ਰੰਗੜ ਨੰਗਲ ਦੇ ਐੱਸ.ਐੱਚ.ਓ. ਹਰਮੀਕ ਸਿੰਘ ਨੇ ਦੱਸਿਆ ਕਿ ਉਕਤ ਲੰਗਰ ਵਾਲੀ ਜਗ੍ਹਾ 'ਤੇ ਇਨ੍ਹਾਂ ਵਿਅਕਤੀਆਂ ਦਾ ਝਗੜਾ ਜ਼ਰੂਰ ਹੋਇਆ ਸੀ ਪਰ ਪਿਸਤੌਲ ਵਾਲੀ ਕੋਈ ਗੱਲ ਸਾਹਮਣੇ ਨਹੀਂ ਆਈ, ਜਾਂਚ ਜਾਰੀ ਹੈ |