ਡੇਰਾ ਬਾਬਾ ਨਾਨਕ, 5 ਮਾਰਚ (ਹੀਰਾ ਸਿੰਘ ਮਾਂਗਟ, ਵਿਜੇ ਸ਼ਰਮਾ)- ਇਤਿਹਾਸਕ ਕਸਬਾ ਡੇਰਾ ਬਾਬਾ ਨਾਨਕ ਵਿਖੇ ਬੀਤੀ ਰਾਤ ਸ੍ਰੀ ਚੋਲਾ ਸਾਹਿਬ ਦਾ ਮੇਲਾ ਵੇਖਣ ਆਏ ਨੌਜਵਾਨਾਂ ਦਾ ਟਰੈਕਟਰ ਦਰਖਤ ਨਾਲ ਵੱਜਣ ਕਰ ਕੇ ਇਕ ਨੌਜਵਾਨ ਦੀ ਮੌਤ ਤੇ 2 ਗੰਭੀਰ ਜ਼ਖ਼ਮੀ ਹੋ ਗਏ | ਸਥਾਨਕ ਲੋਕਾਂ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਹਾਦਸਾ ਏਨਾ ਭਿਆਨਕ ਸੀ ਕਿ ਟਰੈਕਟਰ ਦੇ ਕਈ ਟੁਕੜੇ ਹੋ ਗਏ ਹਨ | ਥਾਣਾ ਡੇਰਾ ਬਾਬਾ ਨਾਨਕ ਦੇ ਐਸ.ਐਚ.ਓ. ਅਸ਼ੋਕ ਕੁਮਾਰ ਨੇ ਦੱਸਿਆ ਕਿ ਮਿ੍ਤਕ ਨੌਜਵਾਨ ਦੀ ਪਹਿਚਾਣ ਜਸਬੀਰ ਸਿੰਘ (18) ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਜਹਾਂਗੀਰ ਜੰਡਿਆਲਾ ਗੁਰੂ ਵਜੋਂ ਹੋਈ ਹੈ ਜਦਕਿ ਜ਼ਖ਼ਮੀਆਂ 'ਚ ਗੁਰਪ੍ਰੀਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਖੈਰਾ ਬੱਲ ਤੇ ਸੁਖਰਾਜ ਸਿੰਘ ਪੁੱਤਰ ਸੁਖਵਿੰਦਰ ਸਿੰਘ ਪਿੰਡ ਫੋਸੀ ਰਾਜਪੂਤਾਂ ਹਨ | ਉਨ੍ਹਾਂ ਦੱਸਿਆ ਕਿ ਜ਼ਖਮੀ ਦੋਵਾਂ ਨੌਜਵਾਨਾਂ ਦੀ ਹਾਲਤ ਨੂੰ ਦੇਖਦਿਆਂ ਡਾਕਟਰਾਂ ਵਲੋਂ ਸਰਕਾਰੀ ਹਸਪਤਾਲ ਗੁਰਦਾਸਪੁਰ ਲਈ ਤਬਦੀਲ ਕਰ ਦਿੱਤਾ ਗਿਆ ਹੈ ਜਿੱਥੇ ਉਹ ਜ਼ੇਰੇ ਇਲਾਜ ਹਨ | ਉਨ੍ਹਾਂ ਦੱਸਿਆ ਕਿ ਹਾਦਸਾ ਟਰੈਕਟਰ ਦਾ ਅਗਲਾ ਟਾਇਰ ਲਹਿ ਜਾਣ ਕਾਰਨ 'ਤੇ ਸੰਤੁਲਨ ਵਿਗੜਨ ਕਾਰਨ ਵਾਪਰਿਆ ਹੈ |