ਬਟਾਲਾ, 5 ਮਾਰਚ (ਸਤਿੰਦਰ ਸਿੰਘ)- ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਗੁਰਿਆਈ ਦਿਵਸ ਦੇ ਮੌਕੇ 'ਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਸਹਿਯੋਗ ਨਾਲ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਵਲੋਂ 'ਹਿੰਦ ਕੀ ਚਾਦਰ' ਸਮਾਗਮ ਕਰਵਾਉਣ ਦੀ ਸੱਚਖੰਡ ਬੋਰਡ ਨਾਂਦੇੜ ਦੇ ਮੁੱਖ ਪ੍ਰਸ਼ਾਸਕ ਡਾ. ਵਿਜੇ ਸਤਬੀਰ ਸਿੰਘ ਵਲੋਂ ਸ਼ਲਾਘਾ ਕਰਦਿਆਂ ਧੰਨਵਾਦ ਕੀਤਾ ਗਿਆ ਹੈ | ਡਾ. ਵਿਜੇ ਸਤਬੀਰ ਸਿੰਘ ਨੇ ਦੱਸਿਆ ਕਿ ਇਹ ਸਮਾਗਮ ਨਾਗਪੁਰ, ਸ੍ਰੀ ਹਜ਼ੂਰ ਸਾਹਿਬ ਤੇ ਨਵੀ ਮੁੰਬਈ ਵਿਖੇ ਕਰਵਾਏ ਗਏ ਜਿਸ ਵਿਚ ਨਾਨਕ ਨਾਮ ਲੇਵਾ ਸੰਗਤਾਂ ਵੱਡੀ ਗਿਣਤੀ ਵਿਚ ਸ਼ਾਮਿਲ ਹੋਈਆਂ ਤੇ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਨਮਨ ਕੀਤਾ | ਉਨ੍ਹਾਂ ਦੱਸਿਆ ਕਿ ਗੁਰੂ ਸਾਹਿਬ ਦੀ ਸ਼ਹਾਦਤ ਦੇ ਸਨਮਾਨ ਹੇਠ ਵਿਦਿਆਰਥੀਆਂ ਦੇ ਵਿੱਦਿਅਕ ਪਾਠਕ੍ਰਮ ਵਿਚ 'ਸਿੱਖ ਸ਼ਹੀਦੀ 1500 ਤੋਂ 1765' ਦੇ ਇਤਿਹਾਸ ਨੂੰ ਵਿਸ਼ੇ ਵਜੋਂ ਸ਼ਾਮਿਲ ਕਰਨ ਅਤੇ ਹਸਪਤਾਲ ਬਣਾਉਣ ਦਾ ਵੀ ਫੈਸਲਾ ਮੁੱਖ ਮੰਤਰੀ ਸ੍ਰੀ ਦੇਵੇਂਦਰ ਫੜਨਵੀਸ ਵਲੋਂ ਲਿਆ ਗਿਆ ਹੈ | ਉਨ੍ਹਾਂ ਕਿਹਾ ਕਿ ਵਿੱਦਿਅਕ ਪਾਠਕ੍ਰਮ ਵਿਚ ਇਹ ਇਤਿਹਾਸਕ ਵਿਸ਼ਾ ਸ਼ਾਮਿਲ ਹੋਣ ਨਾਲ ਵਿਦਿਆਰਥੀਆਂ ਨੂੰ ਸਿੱਖ ਗੁਰੂ ਸਾਹਿਬਾਨ ਅਤੇ ਸ਼ਹੀਦਾਂ ਦੇ ਵਿਲੱਖਣ ਇਤਿਹਾਸ ਬਾਰੇ ਜਾਣਕਾਰੀ ਹਾਸਲ ਹੋਵੇਗੀ | ਉਨ੍ਹਾਂ ਦੱਸਿਆ ਕਿ ਸ੍ਰੀ ਦੇਵੇਂਦਰ ਫੜਨਵੀਸ ਵਲੋਂ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ ਅਤੇ ਯਾਦ ਵਿਚ ਨਵੀਂ ਮੁੰਬਈ ਵਿਖੇ ਹਸਪਤਾਲ ਬਣਾਉਣ ਦਾ ਵੀ ਫੈਸਲਾ ਲਿਆ ਗਿਆ ਤੇ ਇਸ ਹਸਪਤਾਲ ਦਾ ਨਾਮ 'ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ' ਦੇ ਨਾਂਅ 'ਤੇ ਰੱਖਣ ਦਾ ਫੈਸਲਾ ਲਿਆ ਗਿਆ ਹੈ | ਡਾ. ਵਿਜੇ ਸਤਬੀਰ ਸਿੰਘ, ਉਨ੍ਹਾਂ ਦੇ ਸਲਾਹਕਾਰ ਜਸਵੰਤ ਸਿੰਘ ਬੌਬੀ ਤੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਵਲੋਂ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦਾ ਧੰਨਵਾਦ ਕੀਤਾ ਗਿਆ