ਬਟਾਲਾ, 5 ਮਾਰਚ (ਸਤਿੰਦਰ ਸਿੰਘ)- ਰਾਇਲ ਅਕੈਡਮੀ ਦੇ ਨਜ਼ਦੀਕ ਹਵੇਲੀ ਭਗਤਾਂ ਦੀ ਵਿਖੇ ਭੱਟ ਹਰਿਬੰਸ ਜੀ ਦੀ ਯਾਦ ਨੂੰ ਸਮਰਪਿਤ ਅਖੰਡ ਪਾਠ ਸਾਹਿਬ ਕਰਵਾਏ ਗਏ | ਉਪਰੰਤ ਗੁਰੂ ਮਹਾਰਾਜ ਦੇ ਚਰਨਾਂ ਵਿਚ ਅਰਦਾਸ ਬੇਨਤੀ ਤੋਂ ਬਾਅਦ ਰਾਗੀ, ਢਾਡੀ ਅਤੇ ਕਥਾਵਾਚਕ ਤੋਂ ਇਲਾਵਾ ਸੰਤ ਬਾਬਾ ਹਜ਼ਾਰਾ ਸਿੰਘ ਸੰਗੀਤ ਅਕੈਡਮੀ ਅੱਚਲ ਸਾਹਿਬ ਦੇ ਕੀਰਤਨੀ ਜਥੇ ਵਲੋਂ ਰਸਭਿੰਨਾ ਕੀਰਤਨ ਕੀਤਾ | ਅਕੈਡਮੀ ਦੇ ਮੁੱਖ ਸੰਚਾਲਕ ਬਾਬਾ ਪਰਮਜੀਤ ਸਿੰਘ ਨੇ ਕਿਹਾ ਕਿ ਹਰੇਕ ਪ੍ਰਾਣੀ ਨੂੰ ਗੁਰੂ ਸਾਹਿਬ ਦੇ ਦਰਸਾਏ ਮਾਰਗ 'ਤੇ ਚੱਲਣਾ ਚਾਹੀਦਾ ਹੈ | ਭਾਈ ਤਰਸੇਮ ਸਿੰਘ ਸਾਬਕਾ ਸਰਪੰਚ ਫੁੱਲਕੇ ਤੇ ਭਾਈ ਪਰਮਜੀਤ ਸਿੰਘ ਨੇ ਕਿਹਾ ਕਿ ਪ੍ਰਮਾਤਮਾ ਦੀ ਭਗਤੀ ਕਰ ਕੇ ਭਵ ਸਾਗਰ ਪਾਰ ਹੋਇਆ ਜਾ ਸਕਦਾ ਹੈ ਤੇ ਸਾਨੂੰ ਸਾਰਿਆਂ ਨੂੰ ਉਸ ਪ੍ਰਮਾਤਮਾ ਦੀ ਭਗਤੀ ਕਰਨੀ ਚਾਹੀਦੀ ਹੈ | ਇਸ ਮੌਕੇ ਪਹੁੰਚੀਆਂ ਸ਼ਖ਼ਸੀਅਤਾਂ ਨੂੰ ਭਾਈ ਤਰਸੇਮ ਸਿੰਘ ਵਲੋਂ ਸਨਮਾਨਿਤ ਕੀਤਾ ਗਿਆ | ਭਾਈ ਤਰਸੇਮ ਸਿੰਘ ਨੇ ਦੱਸਿਆ ਕਿ ਜਿੰਨੇ ਵੀ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹੈ, ਉਨ੍ਹਾਂ ਦੀ ਯਾਦ ਵਿਚ ਹਰ ਪੂਰਨਮਾਸ਼ੀ 'ਤੇ ਅਖੰਡ ਪਾਠ ਸਾਹਿਬ ਕਰਵਾਏ ਜਾ ਰਹੇ ਹਨ | ਇਸ ਮੌਕੇ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਸੁੱਖ ਚਾਹਲ, ਬਾਬਾ ਪਰਮਜੀਤ ਸਿੰਘ ਸੰਗੀਤ ਅਕੈਡਮੀ ਅੱਚਲ ਸਾਹਿਬ, ਬਾਬਾ ਦਵਿੰਦਰ ਸਿੰਘ ਤਲਵੰਡੀ, ਬਾਬਾ ਸਰਵਣ ਸਿੰਘ, ਬਾਬਾ ਅਮਰੀਕ ਸਿੰਘ, ਬਾਬਾ ਬਸੰਤ ਸਿੰਘ, ਪਰਮਜੀਤ ਸਿੰਘ, ਲਖਬੀਰ ਸਿੰਘ ਚੌਕੀਦਾਰ, ਗੁਰਵੇਲ ਸਿੰਘ, ਸ਼ਰਨਜੀਤ ਸਿੰਘ ਸੋਨੂ, ਸ਼ੇਰ ਸਿੰਘ ਅਠਵਾਲ ਆਦਿ ਹਾਜ਼ਰ ਸਨ |