ਦੀਨਾਨਗਰ, 5 ਮਾਰਚ (ਸੋਢੀ/ਸ਼ਰਮਾ)- ਦੀਨਾਨਗਰ ਸ਼ਹਿਰੀ ਖੇਤਰ ਦੇ ਵੱਖ ਵੱਖ ਵਾਰਡਾਂ ਦੀਆਂ ਗਲੀਆਂ ਦੇ ਨਿਰਮਾਣ ਕਾਰਜ ਦਾ ਨੀਂਹ ਪੱਥਰ ਵਿਧਾਇਕਾ ਅਰੁਣਾ ਚੌਧਰੀ ਵਲੋਂ ਰੱਖਿਆ ਗਿਆ | ਨੀਂਹ ਪੱਥਰ ਰੱਖਣ ਉਪਰੰਤ ਵਿਧਾਇਕਾ ਅਰੁਣਾ ਚੌਧਰੀ ਨੇ ਕਿਹਾ ਕਿ ਦੀਨਾਨਗਰ ਦੇ ਵਾਰਡ ਨੰਬਰ 4, 5, 7 ਤੇ 10 ਵਾਰਡ 'ਚ ਗਲੀਆਂ ਦਾ ਨਿਰਮਾਣ ਕਾਰਜ ਸ਼ੁਰੂ ਕਰਵਾਇਆ ਗਿਆ ਹੈ | ਇਨ੍ਹਾਂ ਗਲੀਆਂ ਦੇ ਨਿਰਮਾਣ 'ਤੇ ਲਗਪਗ 35 ਲੱਖ ਰੁਪਏ ਖ਼ਰਚ ਆਉਣਗੇ | ਉਨ੍ਹਾਂ ਕਿਹਾ ਕਿ ਦੀਨਾਨਗਰ ਦੇ ਪਿੰਡਾਂ ਦੇ ਨਾਲ ਨਾਲ ਸ਼ਹਿਰੀ ਖੇਤਰ ਦੇ ਵਿਕਾਸ ਵੱਲ ਵੀ ਪੂਰਾ ਧਿਆਨ ਦਿੱਤਾ ਜਾ ਰਿਹਾ ਹੈ ਤੇ ਵਾਰਡਾਂ ਵਿਚ ਜਿੰਨੀਆਂ ਵੀ ਗਲੀਆਂ ਦਾ ਨਿਰਮਾਣ ਕਾਰਜ ਹੋਣ ਵਾਲਾ ਹੈ, ਉਨ੍ਹਾਂ ਦਾ ਕਾਰਜ ਜਲਦ ਸ਼ੁਰੂ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਦੀਨਾਨਗਰ ਦੇ ਵੱਖ ਵੱਖ ਵਾਰਡਾਂ ਵਿਚ ਸੀਵਰੇਜ ਪਾਉਣ ਦਾ ਕੰਮ ਪੂਰਾ ਹੋ ਚੁੱਕਾ ਹੈ ਤੇ ਟ੍ਰੀਟਮੈਂਟ ਪਲਾਂਟ ਵੀ ਹੁਣ ਵਰਕਿੰਗ ਵਿਚ ਹੈ | ਉਨ੍ਹਾਂ ਕਿਹਾ ਕਿ ਦੀਨਾਨਗਰ ਖੇਤਰ ਦੇ ਸਰਵਪੱਖੀ ਵਿਕਾਸ ਲਈ ਉਨ੍ਹਾਂ ਵਲੋਂ ਪੂਰੇ ਯਤਨ ਕੀਤੇ ਜਾ ਰਹੇ ਹਨ ਤੇ ਜਲਦ ਦੀਨਾਨਗਰ ਸ਼ਹਿਰੀ ਖੇਤਰ ਦੀ ਨੁਹਾਰ ਬਦਲ ਜਾਏਗੀ | ਇਸ ਮੌਕੇੇ ਸੀਨੀਅਰ ਕਾਂਗਰਸੀ ਆਗੂ ਅਸ਼ੋਕ ਚੌਧਰੀ, ਨਗਰ ਕੌਂਸਲ ਦੇ ਪ੍ਰਧਾਨ ਪਰਮਿੰਦਰ ਸਿੰਘ ਚੌਹਾਨ, ਕੌਂਸਲ ਪਰਮਜੀਤ ਕੌਰ, ਕੌਂਸਲਰ ਗਿਰਧਾਰੀ ਲਾਲ, ਕੌਂਸਲਰ ਰਾਮ ਲਾਲ, ਬਲਵਿੰਦਰ ਕੁਮਾਰ ਤੇ ਰਮੇਸ਼ ਕੁਮਾਰ ਵੀ ਹਾਜ਼ਰ ਸਨ |