ਬਹਿਰਾਮਪੁਰ, 5 ਮਾਰਚ (ਪ੍ਰੋ: ਬਲਬੀਰ ਸਿੰਘ ਕੋਲਾ)- ਗ੍ਰਾਮ ਸੁਧਾਰ ਸਭਾ ਬਹਿਰਾਮਪੁਰ ਦੀ ਮੀਟਿੰਗ ਸਭਾ ਪ੍ਰਧਾਨ ਠਾਕੁਰ ਵਿਜੇ ਸਿੰਘ ਸਲਾਰੀਆ ਦੀ ਪ੍ਰਧਾਨਗੀ ਹੇਠ ਬਹਿਰਾਮਪੁਰ ਵਿਖੇ ਹੋਈ ਜਿਸ ਵਿਚ ਪਿੰਡ ਦੇ ਰਹਿੰਦੇ ਵਿਕਾਸ ਕੰਮਾਂ ਦੇ ਸਬੰਧ ਵਿਚ ਚਰਚਾ ਕੀਤੀ ਗਈ | ਪ੍ਰਧਾਨ ਵਿਜੇ ਸਿੰਘ ਸਲਾਰੀਆ ਨੇ ਦੱਸਿਆ ਕਿ ਪਿਛਲੇ ਸਾਲ ਹੋਏ ਜਨਰਲ ਇਜਲਾਸ ਮੌਕੇ ਪਿੰਡ ਦੇ ਸਰਪੰਚ ਅਤੇ ਪੰਚਾਇਤ ਮੈਂਬਰਾਂ ਦੀ ਮੌਜੂਦਗੀ ਵਿਚ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਦੋਰਾਂਗਲਾ ਦੇ ਨਾਂਅ 'ਤੇ ਇਕ ਮੰਗ ਪੱਤਰ ਪੰਚਾਇਤ ਨੰੂ ਦਿੱਤਾ ਗਿਆ ਸੀ ਜਿਸ ਵਿਚ ਵਿਕਾਸ ਦੇ ਕੰਮਾਂ ਦੀ ਮੰਗ ਕੀਤੀ ਗਈ ਸੀ ਜਿਸ ਵਿਚ ਬੱਸ ਅੱਡੇ ਤੋਂ ਲੈ ਕੇ ਪ੍ਰਾਇਮਰੀ ਹੈਲਥ ਸੈਂਟਰ ਤੱਕ ਸੜਕ ਦੇ ਦੋਵੇਂ ਪਾਸੇ ਪੱਕਾ ਨਾਲਾ ਬਣਾਉਣ, ਕੂੜਾ ਡੰਪ ਦੀ ਸਮੱਸਿਆ ਦਾ ਹੱਲ, ਘਾਹ ਮੰਡੀ ਨੇੜੇ ਬਣੇ ਖਸਤਾ ਹਾਲਤ ਪੁਲ, ਬਾਬਾ ਲੁੱਡਣ ਸ਼ਾਹ ਤੋਂ ਗਾਹਲੜੀ ਰੋਡ ਤੱਕ ਦੀ ਮੁਰੰਮਤ, ਬੱਸੇ ਅੱਡੇ ਦੀ ਘਾਟ, ਪ੍ਰਾਇਮਰੀ ਹੈਲਥ ਸੈਂਟਰ ਨੰੂ ਕਮਿਊਨਿਟੀ ਹੈਲਥ ਸੈਂਟਰ ਵਿਚ ਤਬਦੀਲ ਕਰਨ ਆਦਿ ਸਮੱਸਿਆਵਾਂ ਦੇ ਹੱਲ ਲਈ ਮੰਗ ਪੱਤਰ ਦਿੱਤਾ ਗਿਆ ਸੀ ਪਰ ਅੱਜ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ | ਗਾਹਲੜੀ ਰੋਡ ਤੱਕ ਬਣਨ ਵਾਲੀ ਸੰਪਰਕ ਸੜਕ ਦੇ ਸਬੰਧ ਵਿਚ ਕੁਝ ਮਹੀਨੇ ਪਹਿਲਾਂ ਹਲਕਾ ਇੰਚਾਰਜ ਨੰੂ ਮੰਗ ਪੱਤਰ ਦਿੱਤਾ ਗਿਆ ਸੀ ਪਰ ਕੋਈ ਕਾਰਵਾਈ ਨਹੀਂ ਹੋਈ | ਮੀਟਿੰਗ ਵਿਚ ਸ਼ਾਮਿਲ ਲੋਕਾਂ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਹਲਕਾ ਇੰਚਾਰਜ ਤੋਂ ਮੰਗ ਕੀਤੀ ਗਈ ਕਿ ਪਿੰਡ ਦੀਆਂ ਸਮੱਸਿਆਵਾਂ ਦਾ ਹੱਲ ਪਹਿਲ ਦੇ ਆਧਾਰ 'ਤੇ ਕੀਤਾ ਜਾਵੇ ਤਾਂ ਕਿ ਪਿੰਡ ਵਾਸੀਆਂ ਨੰੂ ਸਹੂਲਤਾਂ ਮਿਲ ਸਕਣ ਤੇ ਲੋਕਾਂ ਨੰੂ ਲਾਭ ਹੋਵੇ |