ਕਲਾਨੌਰ, 6 ਮਾਰਚ (ਪੁਰੇਵਾਲ)-ਇਸ ਖੇਤਰ 'ਚ ਅੱਖਾਂ ਦੀਆਂ ਬਿਮਾਰੀਆਂ ਦੇ ਇਲਾਜ ਲਈ ਸੇਵਾਵਾਂ ਨਿਭਾਉਂਦੇ ਆ ਰਹੇ ਡਾ. ਕੇ.ਡੀ. ਸਿੰਘ ਵਲੋਂ ਮਿਸ਼ਨ ਰੌਸ਼ਨੀ ਤਹਿਤ ਸਥਾਨਕ ਕਸਬੇ 'ਚ ਚਲਾਏ ਜਾ ਰਹੇ ਸੈਂਟਰ 'ਚ ਲੋਕਾਂ ਨੂੰ ਅੱਖਾਂ ਦੀਆਂ ਬਿਮਾਰੀਆਂ ਦੇ ਇਲਾਜ ਲਈ ਪਹੁੰਚਣ ਦੀ ਅਪੀਲ ਕੀਤੀ | ਡਾ. ਕੇ.ਡੀ. ਸਿੰਘ ਨੇ ਕਿਹਾ ਕਿ ਅੱਖਾਂ ਦੀਆਂ ਬਿਮਾਰੀਆਂ ਦਾ ਜੇਕਰ ਸਮੇਂ ਸਿਰ ਇਲਾਜ ਕੀਤਾ ਜਾ ਸਕੇ ਤਾਂ ਅੱਖਾਂ ਦੀ ਰੌਸ਼ਨੀ ਬਰਕਰਾਰ ਰੱਖੀ ਜਾ ਸਕਦੀ ਹੈ | ਬੀਤੇ ਦਿਨ ਆਦੀਆਂ ਵਿਖੇ ਵਾਪਰੇ ਘਟਨਾਕ੍ਰਮ 'ਚ ਪੁਲਿਸ ਵਲੋਂ ਮੁਕਾਬਲੇ 'ਚ ਰਣਜੀਤ ਸਿੰਘ ਦੇ ਮਾਰੇ ਜਾਣ ਦੀ ਆਈ ਖ਼ਬਰ ਸਬੰਧੀ ਡਾ. ਕੇ.ਡੀ. ਸਿੰਘ ਨੇ ਕਿਹਾ ਕਿ ਪੁਲਿਸ ਨੂੰ ਖੁਦ ਫ਼ੈਸਲੇ ਕਰਨ ਦੀ ਬਜਾਏ ਮਾਨਯੋਗ ਅਦਾਲਤਾਂ 'ਤੇ ਭਰੋਸਾ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਜਥੇਬੰਦੀਆਂ ਅਤੇ ਪਰਿਵਾਰ ਦੇ ਦਬਾਅ ਤੋਂ ਬਾਅਦ ਮਾਨਯੋਗ ਅਦਾਲਤ ਵਲੋਂ ਰਣਜੀਤ ਸਿੰਘ ਮੁਕਾਬਲੇ 'ਚ ਜੋ ਹੁਕਮ ਕੀਤੇ ਹਨ, ਉਸ ਤੋਂ ਸਿੱਧ ਹੁੰਦਾ ਹੈ ਕਿ ਸੱਚਾਈ ਨੂੰ ਕੋਈ ਦਬਾਅ ਨਹੀਂ ਸਕਦਾ ਅਤੇ ਹੁਣ ਰਣਜੀਤ ਸਿੰਘ ਮਾਮਲੇ 'ਚ ਪਰਿਵਾਰ ਨੂੰ ਇਨਸਾਫ਼ ਮਿਲੇਗਾ | ਡਾ. ਕੇ.ਡੀ. ਸਿੰਘ ਨੇ ਕਿਹਾ ਕਿ ਰਣਜੀਤ ਸਿੰਘ ਮੁਕਾਬਲਾ ਮਾਮਲੇ 'ਚ ਮਾਨਯੋਗ ਅਦਾਲਤ ਵਲੋਂ ਦਿੱਤੇ ਗਏ ਹੁਕਮ ਜਿਵੇਂ ਕਿ ਸੀ.ਸੀ.ਟੀ.ਵੀ. ਫੁਟੇਜ ਦੀ ਸਾਂਭ-ਸੰਭਾਲ, ਜੀ.ਪੀ.ਐੱਸ. ਰਿਕਾਰਡ ਅਤੇ ਪੋਸਟਮਾਰਟਮ ਦੀ ਵੀਡੀਓਗ੍ਰਾਫ਼ੀ ਆਦਿ ਨਿਆਂ ਪ੍ਰਣਾਲੀ 'ਚ ਸਾਡਾ ਵਿਸ਼ਵਾਸ ਹੋਰ ਮਜ਼ਬੂਤ ਕਰਦੇ ਹਨ ਅਤੇ ਅਦਾਲਤ ਦਾ ਇਹ ਇਕ ਬਹੁਤ ਹੀ ਸ਼ਾਲਾਘਾਯੋਗ ਤੇ ਦਲੇਰਾਨਾ ਕਦਮ ਹੈ | ਡਾ. ਕੇ.ਡੀ. ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਸੱਚ ਦੀ ਹਮੇਸ਼ਾ ਜਿੱਤ ਹੋਣੀ ਚਾਹੀਦੀ ਹੈ, ਚਾਹੇ ਹਾਲਾਤ ਕਿਹੋ ਜਿਹੇ ਵੀ ਹੋਣ, ਪਾਰਦਰਸ਼ੀ ਜਾਂਚ ਰਾਹੀਂ ਸੱਚਾਈ ਸਾਹਮਣੇ ਆਉਣੀ ਲਾਜ਼ਮੀ ਹੈ | ਉਨ੍ਹਾਂ ਕਿਹਾ ਕਿ ਗਲਤੀ ਕਬੂਲਣ ਦੀ ਹਿੰਮਤ ਵੀ ਹੋਣੀ ਚਾਹੀਦੀ ਹੈ ਅਤੇ ਜੇਕਰ ਕਿਸੇ ਕੋਲੋਂ ਕੋਈ ਗਲਤੀ ਹੋਈ ਹੈ ਤਾਂ ਉਸ ਨੂੰ ਲੁਕਾਉਣ ਦੀ ਬਜਾਏ ਕਾਨੂੰਨ ਅਤੇ ਟਰਾਇਲ ਦਾ ਸਾਹਮਣਾ ਕਰਨ ਦੀ ਹਿੰਮਤ ਰੱਖਣੀ ਚਾਹੀਦੀ ਹੈ | ਡਾ. ਕੇ.ਡੀ. ਸਿੰਘ ਨੇ ਕਿਹਾ ਕਿ ਨਿਰਪੱਖ ਜਾਂਚ ਹੋ ਕੇ ਪੀੜਤ ਪਰਿਵਾਰ ਨੂੰ ਇਨਸਾਫ਼ ਮਿਲਣਾ ਹੀ ਇਕ ਸੱਭਿਅਕ ਸਮਾਜ ਦੀ ਅਸਲ ਜਿੱਤ ਹੋਵੇਗੀ |