ਗੁਰਦਾਸਪੁਰ, 10 ਮਾਰਚ (ਅਸ਼ੋਕ ਸ਼ਰਮਾ)-ਸਥਾਨਿਕ ਸ਼ਹਿਰ ਦੀਆਂ ਸੜਕਾਂ ਦੀ ਮਾੜੀ ਹਾਲਤ ਨੂੰ ਮੁੱਖ ਰੱਖਦੇ ਹੋਏ ਸੜਕਾਂ ਦੀ ਮੁੜ ਉਸਾਰੀ ਲਈ ਪੰਜਾਬ ਸਰਕਾਰ ਵਲੋਂ ਫ਼ੰਡ ਅਲਾਟ ਕਰਨ ਉਪਰੰਤ ਪੰਜਾਬ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਦੇ ਨਿਰਦੇਸ਼ਾਂ 'ਤੇ ਲੋਕ ਨਿਰਮਾਣ ਵਿਭਾਗ ਦੇ ਐਸ.ਈ. ਹਰਜੋਤ ਸਿੰਘ ਦੀ ਅਗਵਾਈ ਤੇ ਜਸਪ੍ਰੀਤ ਸਿੰਘ ਕਾਰਜਕਾਰੀ ਇੰਜੀਨੀਅਰ ਦੀ ਦੇਖਰੇਖ ਹੇਠ ਕੰਮ ਸ਼ੁਰੂ ਕਰ ਦਿੱਤਾ ਹੈ | ਇਸ ਸਬੰਧੀ ਐਕਸੀਅਨ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਜੀ.ਟੀ. ਰੋਡ ਜਹਾਜ਼ ਚੌਕ ਤੋਂ ਮੰਡੀ ਚੌਕ, ਪੰਚਾਇਤ ਭਵਨ, ਰੇਲਵੇ ਸਟੇਸ਼ਨ ਵਾਲੇ ਪਾਸੇ ਸੜਕ ਦੀ ਮੁੜ ਉਸਾਰੀ ਦਾ ਕੰਮ ਚੱਲ ਰਿਹਾ ਹੈ | ਇਸ ਸੜਕ ਦੇ ਨਿਰਮਾਣ ਦਾ ਠੇਕਾ ਬਠਿੰਡਾ ਜ਼ਿਲ੍ਹੇ ਦੀ ਫ਼ਰਮ ਰਾਇਲ ਦੀਪ ਕੰਸਟਰੱਕਸ਼ਨ ਪ੍ਰਾਈਵੇਟ ਲਿਮਟਿਡ ਨੂੰ ਦਿੱਤਾ ਹੈ ਜੋ ਆਧੁਨਿਕ ਤਕਨੀਕ ਦੁਆਰਾ ਸਕੈਰੀਫਾਈ ਤੇ ਮੀਿਲੰਗ ਸਿਸਟਮ ਰਾਹੀਂ ਕੰਮ ਕਰ ਰਹੀ ਹੈ, ਇਸ ਨਾਲ ਸੜਕ ਨੂੰ ਮਸ਼ੀਨ ਦੁਆਰਾ ਨਿਸ਼ਚਿਤ ਹੱਦ ਤੱਕ ਨੀਵਾਂ ਪੁੱਟਿਆ ਜਾਂਦਾ ਹੈ ਤੇ ਉਸ ਲੈਵਲ ਤੱਕ ਪ੍ਰੀਮਿਕਸ ਪਾ ਕੇ ਰੱਖਿਆ ਜਾਂਦਾ ਹੈ, ਜਿਸ ਨਾਲ ਸੜਕ ਦਾ ਲੈਵਲ ਉੱਚਾ ਨਾ ਹੋਵੇ | ਵਰਨਣਯੋਗ ਹੈ ਕਿ ਪਹਿਲਾਂ ਜਦੋਂ ਵੀ ਸੜਕ ਦੀ ਉਸਾਰੀ ਹੁੰਦੀ ਸੀ ਤਾਂ ਮੌਜੂਦਾ ਸੜਕ ਲੈਵਲ ਨਾਲੋਂ ਚਾਰ-ਪੰਜ ਇੰਚ ਉੱਚੀ ਹੋ ਜਾਂਦੀ ਸੀ, ਜਿਸ ਨਾਲ ਪੰਜ-ਦੱਸ ਸਾਲ ਬਾਅਦ ਸੜਕ ਕੰਢੇ ਬਣੇ ਘਰ ਤੇ ਦੁਕਾਨਾਂ ਨੀਵੀਂਆਂ ਹੋ ਜਾਂਦੀਆਂ ਸਨ ਅਤੇ ਮੀਂਹ ਦਾ ਪਾਣੀ ਵੜ ਜਾਂਦਾ ਸੀ | ਹੁਣ ਮੌਜੂਦਾ ਤਕਨੀਕ ਨਾਲ ਅਜਿਹਾ ਨਹੀਂ ਹੋਵੇਗਾ ਤੇ ਸੜਕ ਪਹਿਲੇ ਲੈਵਲ ਤੱਕ ਹੀ ਰਹੇਗੀ | ਉਨ੍ਹਾਂ ਦੱਸਿਆ ਕਿ ਸ਼ਹਿਰ ਅੰਦਰ 10 ਕਿੱਲੋਮੀਟਰ ਦੇ ਕਰੀਬ ਸੜਕਾਂ ਦੀ ਮੁੜ ਉਸਾਰੀ ਕਰਵਾਈ ਜਾਵੇਗੀ ਤੇ ਇਸ 'ਤੇ ਲਗਪਗ 16 ਕਰੋੜ ਖ਼ਰਚ ਆਉਣਗੇ | ਉਨ੍ਹਾਂ ਦੱਸਿਆ ਕਿ ਵਿਭਾਗ ਵਲੋਂ ਬੱਬਰੀ ਬਾਈਪਾਸ ਤੋਂ ਬਰਿਆਰ ਬਾਈਪਾਸ, ਪੰਚਾਇਤ ਭਵਨ ਤੋਂ ਰੇਲਵੇ ਸਟੇਸ਼ਨ, ਬੀ.ਐਸ.ਐਫ. ਰੋਡ ਤੋਂ ਮਿਲਟਰੀ ਏਰੀਆ, ਪੰਚਾਇਤ ਭਵਨ ਤੋਂ ਲਿਟਲ ਫਲਾਵਰ ਸਕੂਲ, ਸ੍ਰੀ ਰਵਿਦਾਸ ਚੌਕ, ਪੰਚਾਇਤ ਭਵਨ ਤੋਂ ਕਚਹਿਰੀ ਰੋਡ ਆਦਿ ਤੱਕ ਸੜਕਾਂ ਦਾ ਮੁੜ ਨਿਰਮਾਣ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਸੜਕ ਦੀ ਚੌੜਾਈ ਲਗਪਗ 7 ਤੋਂ 10 ਮੀਟਰ ਤੱਕ ਹੋਵੇਗੀ | ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਸੜਕ ਦੇ ਰੱਖ ਰਖਾਅ ਲਈ ਪੰਜ ਸਾਲ ਦਾ ਸਮਾਂ ਕੰਪਨੀ ਦੇ ਠੇਕੇਦਾਰ ਦਾ ਨਿਸ਼ਚਿਤ ਕੀਤਾ ਹੈ, ਜਿਸ ਨਾਲ ਸੜਕ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਵੀ ਪੰਜ ਸਾਲ ਤੱਕ ਸੜਕ ਨੂੰ ਪੈਚ ਵਰਕ ਫ਼੍ਰੀ ਰੱਖਣ ਦੀ ਜ਼ਿੰਮੇਵਾਰੀ ਠੇਕੇਦਾਰ ਦੀ ਹੋਵੇਗੀ | ਉਨ੍ਹਾਂ ਫਿਰ ਦੁਹਰਾਇਆ ਕਿ ਸੜਕ ਦਾ ਸਾਰਾ ਕੰਮ ਮਿਲਿੰਗ ਮਸ਼ੀਨ ਰਾਹੀਂ ਕਰਵਾਇਆ ਜਾਵੇਗਾ ਤੇ ਵਿਭਾਗ ਦੇ ਅਧਿਕਾਰੀ ਹਰ ਸਮੇਂ ਨਿਰਮਾਣ ਕੰਮ ਦੀ ਨਿਗਰਾਨੀ ਕਰਦੇ ਰਹਿਣਗੇ | ਉਨ੍ਹਾਂ ਦੱਸਿਆ ਕਿ ਬਾਕੀ ਸੜਕਾਂ ਦੀ ਉਸਾਰੀ ਦਾ ਜ਼ਿੰਮਾ ਨਗਰ ਕੌਂਸਲ ਗੁਰਦਾਸਪੁਰ ਕੋਲ ਹੈ | ਇਸ ਮੌਕੇ ਉਨ੍ਹਾਂ ਨਾਲ ਐਸ.ਡੀ.ਓ. ਲਵਜੀਤ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ |