ਪਠਾਨਕੋਟ, 27 ਮਾਰਚ (ਵਿਨੋਦ)- ਪਠਾਨਕੋਟ ਸ਼ਹਿਰ ਦੇ ਵਸਨੀਕ ਤੇ ਕਾਰੋਬਾਰੀ ਉਦੋਂ ਗ਼ੁੱਸੇ ਵਿਚ ਸਨ, ਜਦੋਂ ਭਾਰਤੀ ਰੇਲਵੇ ਨੇ ਸ਼ਹਿਰ ਦੇ ਸਟੇਸ਼ਨ ਤੋਂ ਇਕ ਹੋਰ ਲੰਬੀ ਦੂਰੀ ਦੀ ਰੇਲਗੱਡੀ ਨੂੰ ਹਟਾਉਣ ਦਾ ਫ਼ੈਸਲਾ ਕੀਤਾ ਸੀ | ਜੰਮੂ ਤਵੀ ਤੋਂ ਵੇਰਾਵਲ ਜਾਣ ਵਾਲੀ ਐਕਸਪੈੱ੍ਰਸ ਰੇਲਗੱਡੀ ਹੁਣ ਪਠਾਨਕੋਟ ਕੈਂਟ ਰੇਲਵੇ ਸਟੇਸ਼ਨ ਤੋਂ ਚੱਲੇਗੀ, ਜਿਸ ਨਾਲ ਪਠਾਨਕੋਟ ਸਿਟੀ ਰੇਲਵੇ ਸਟੇਸ਼ਨ ਦੀ ਮਹੱਤਤਾ ਹੋਰ ਘੱਟ ਜਾਵੇਗੀ | ਸਥਾਨਕ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਲਗਪਗ ਦੋ ਦਹਾਕੇ ਪਹਿਲਾਂ ਲਗਪਗ ਨੌ ਲੰਬੀ ਦੂਰੀ ਦੀਆਂ ਰੇਲਗੱਡੀਆਂ ਸ਼ਹਿਰ ਦੇ ਸਟੇਸ਼ਨ 'ਤੇ ਰੁਕਦੀਆਂ ਸਨ ਪਰ ਹੌਲੀ-ਹੌਲੀ ਸਾਰੀਆਂ ਰੇਲ ਗੱਡੀਆਂ ਨੂੰ ਕੈਂਟ ਵਿਚ ਤਬਦੀਲ ਕਰ ਦਿੱਤਾ ਗਿਆ | ਹਾਲ ਹੀ ਵਿਚ ਬਾਕੀ ਤਿੰਨ ਰੇਲਗੱਡੀਆਂ 'ਚੋਂ ਵੇਰਾਵਲ ਐਕਸਪੈੱ੍ਰਸ ਨੂੰ ਹਟਾਏ ਜਾਣ ਨਾਲ ਇੱਥੇ ਪੂਰਾ ਕਾਰੋਬਾਰ ਹੁਣ ਸਿਰਫ਼ ਦੋ ਰੇਲਗੱਡੀਆਂ 'ਤੇ ਨਿਰਭਰ ਹੈ | ਇਸ ਫੈਸਲੇ ਦਾ ਸਿੱਧਾ ਅਸਰ ਸਟੇਸ਼ਨ ਨਾਲ ਜੁੜੇ ਸੈਂਕੜੇ ਲੋਕਾਂ 'ਤੇ ਪਿਆ ਹੈ | ਰੇਲਵੇ ਰੋਡ 'ਤੇ ਲਗਪਗ 100 ਪਰਿਵਾਰ ਜਿਨ੍ਹਾਂ ਵਿਚ ਦੁਕਾਨਦਾਰ, ਕੁੱਲੀ, ਵਿਕਰੇਤਾ, ਟੈਕਸੀ ਤੇ ਆਟੋ ਡਰਾਈਵਰ ਸ਼ਾਮਿਲ ਹਨ, ਰੋਜ਼ੀ-ਰੋਟੀ ਦੇ ਸੰਕਟ ਦਾ ਸਾਹਮਣਾ ਕਰ ਰਹੇ ਹਨ | ਵਸਨੀਕਾਂ ਨੇ ਦੱਸਿਆ ਕਿ ਲਗਪਗ ਤਿੰਨ ਸਾਲ ਪਹਿਲਾਂ ਰੇਲਵੇ ਮੰਤਰਾਲੇ ਨੇ ਸਿਟੀ ਸਟੇਸ਼ਨ ਦੇ ਆਧੁਨਿਕੀਕਰਨ 'ਤੇ 10 ਕਰੋੜ ਤੋਂ ਵੱਧ ਖ਼ਰਚ ਕੀਤੇ ਸਨ | ਉਸ ਸਮੇਂ ਇਹ ਉਮੀਦ ਕੀਤੀ ਜਾ ਰਹੀ ਸੀ ਕਿ ਸਟੇਸ਼ਨ 'ਤੇ ਰੇਲਗੱਡੀਆਂ ਦੀ ਗਿਣਤੀ ਵਧੇਗੀ ਤੇ ਖੇਤਰ ਦਾ ਵਿਕਾਸ ਹੋਵੇਗਾ | ਹਾਲਾਂਕਿ ਹੁਣ ਸਥਿਤੀ ਇਸ ਦੇ ਉਲਟ ਜਾਪਦੀ ਹੈ | ਵਪਾਰੀਆਂ ਤੇ ਸਥਾਨਕ ਨਿਵਾਸੀਆਂ ਦਾ ਤਰਕ ਹੈ ਕਿ ਜੇਕਰ ਰੇਲਗੱਡੀਆਂ ਸਟੇਸ਼ਨ 'ਤੇ ਨਹੀਂ ਰੁਕਣਗੀਆਂ ਤਾਂ ਕਰੋੜਾਂ ਰੁਪਏ ਖ਼ਰਚ ਕਰਨ ਦਾ ਕੀ ਮਤਲਬ ਹੈ? ਉਨ੍ਹਾਂ ਮੰਗ ਕੀਤੀ ਹੈ ਕਿ ਰੇਲਵੇ ਮੰਤਰਾਲੇ ਇਸ ਫੈਸਲੇ ਨੂੰ ਵਾਪਸ ਲਵੇ ਤੇ ਸਿਟੀ ਸਟੇਸ਼ਨ 'ਤੇ ਰੇਲ ਸੇਵਾ ਬਹਾਲ ਕਰੇ, ਜਿਸ ਨਾਲ ਲੋਕਾਂ ਨੂੰ ਰਾਹਤ ਮਿਲੇ ਅਤੇ ਉਨ੍ਹਾਂ ਦੀ ਰੋਜ਼ੀ-ਰੋਟੀ ਯਕੀਨੀ ਬਣਾਈ ਜਾਵੇ |