ਕਾਹਨੂੰਵਾਨ, 28 ਮਾਰਚ (ਨਿਸ਼ਾਨ ਸਿੰਘ ਚਾਹਲ)- ਅਮਰੀਕਾ-ਇਜ਼ਰਾਇਲ ਅਤੇ ਇਰਾਨ ਦੇ ਦਰਮਿਆਨ ਚੱਲ ਰਹੇ ਯੁੱਧ ਦੇ ਦੌਰਾਨ ਜਿੱਥੇ ਆਮ ਲੋਕ ਰਸੋਈ ਗੈਸ ਸਿਲੰਡਰਾਂ, ਪੈਟਰੋਲ ਤੇ ਡੀਜ਼ਲ ਦੀ ਪੂਰਤੀ ਲਈ ਤੜਕਸਾਰ ਤੋਂ ਹੀ ਗੈਸ ਏਜੰਸੀਆਂ ਤੇ ਪੈਟਰੋਲ ਪੰਪਾਂ ਅੱਗੇ ਲਾਇਨਾਂ ਲਗਾ ਕੇ ਖੜੇ ਹੋ ਜਾਂਦੇ ਹਨ ਉੱਥੇ ਇਸ ਯੁੱਧ ਦੇ ਕਾਰਨ ਕੋਲੇ ਦੇ ਰੇਟਾਂ ਵਿਚ ਵੱਡਾ ਇਜ਼ਾਫਾ ਹੋਣ ਕਾਰਨ ਇੱਟਾਂ ਦੇ ਰੇਟ ਵੀ ਅਸਮਾਨ ਨੂੰ ਛੂਹਣ ਲੱਗੇ ਹਨ ਜਿਸ ਕਾਰਨ ਆਮ ਵਿਅਕਤੀ ਲਈ ਘਰ ਬਣਾਉਣਾ ਔਖਾ ਹੋ ਜਾਵੇਗਾ | ਬਲਵਿੰਦਰ ਸਿੰਘ ਬਖਤਪੁਰ, ਜਸਬੀਰ ਸਿੰਘ ਬਾਜਵਾ, ਕਸ਼ਮੀਰ ਸਿੰਘ ਜਾਫ਼ਲਪੁਰ ਅਤੇ ਮਹਿਕਦੀਪ ਸਿੰਘ ਨੇ ਦੱਸਿਆ ਕਿ ਅਮਰੀਕਾ-ਇਰਾਨ ਦੀ ਜੰਗ ਲੱਗਣ ਤੋਂ ਪਹਿਲਾਂ ਇਕ ਹਜ਼ਾਰ ਇੱਟ ਦਾ ਰੇਟ 6 ਹਜ਼ਾਰ ਰੁਪਏ ਤੋਂ ਲੈ ਕੇ 7 ਹਜ਼ਾਰ ਤੱਕ ਸੀ, ਪਰ ਇਹ ਜੰਗ ਲੱਗਣ ਤੋਂ ਬਾਅਦ ਕੋਲੇ ਦੀਆਂ ਕੀਮਤਾਂ ਵਿਚ ਇਕਦਮ ਉਛਾਲ ਆ ਗਿਆ, ਜਿਸ ਤੋਂ ਬਾਅਦ 7 ਹਜ਼ਾਰ ਰੁਪਏ ਵਿਚ ਮਿਲਣ ਵਾਲੀ ਇਕ ਹਜ਼ਾਰ ਇੱਟ ਦਾ ਰੇਟ ਹੁਣ ਵਧ ਕੇ 9500 ਰੁਪਏ ਤੋਂ ਲੈ ਕੇ 10 ਹਜ਼ਾਰ ਤੱਕ ਪੁੱਜ ਗਿਆ ਹੈ | ਉਨ੍ਹਾਂ ਦੱਸਿਆ ਕਿ ਇੱਟ ਦੇ ਰੇਟ ਵਧਣ ਕਾਰਨ ਆਮ ਲੋਕਾਂ ਲਈ ਹੁਣ ਘਰ ਬਣਾਉਣਾ ਬਹੁਤ ਮੁਸ਼ਕਿਲ ਹੋ ਗਿਆ ਹੈ | ਠੇਕੇਦਾਰ ਹਰਜੀਤ ਸਿੰਘ ਤੇ ਗੁਰਬਚਨ ਸਿੰਘ ਨੇ ਦੱਸਿਆ ਕਿ ਇੱਟਾਂ ਦੇ ਰੇਟ ਵਿਚ ਵਾਧਾ ਹੋਣ ਕਾਰਨ ਬਹੁਤ ਸਾਰੇ ਲੋਕਾਂ ਵਲੋਂ ਨਵਾਂ ਘਰ ਬਣਾਉਣ ਦਾ ਫੈਸਲਾ ਫਿਲਹਾਲ ਟਾਲ ਦਿੱਤਾ ਹੈ, ਜਿਸ ਕਾਰਨ ਉਹ ਅਤੇ ਉਸ ਦੀ ਲੇਬਰ ਵਿਹਲੀ ਬੈਠ ਗਈ ਹੈ | ਭੱਠਾ ਮਾਲਕਾਂ ਦਾ ਕਹਿਣਾ ਹੈ ਕਿ ਇਸ ਜੰਗ ਤੋਂ ਪਹਿਲਾਂ ਉਨ੍ਹਾਂ ਨੂੰ ਜਿਹੜਾ ਕੋਲਾ 10 ਹਜ਼ਾਰ ਰੁਪਏ ਪ੍ਰਤੀ ਟਨ ਮਿਲਦਾ ਸੀ | ਹੁਣ ਉਹੀ ਕੋਲਾ ਉਨ੍ਹਾਂ ਨੂੰ ਦੁਗਣੇ ਰੇਟ ਤੇ ਮਿਲ ਰਿਹਾ ਹੈ, ਜਿਸ ਕਾਰਨ ਮਜਬੂਰਨ ਉਨ੍ਹਾਂ ਨੂੰ ਇੱਟਾਂ ਦੀਆਂ ਕੀਮਤਾਂ ਵਿਚ ਵਾਧਾ ਕਰਨਾ ਪਿਆ |