ਬਟਾਲਾ, 2 ਅਪ੍ਰੈਲ (ਸਤਿੰਦਰ ਸਿੰਘ)- ਵਿੱਦਿਅਕ ਸੰਸਥਾ ਰੈਂਕਰਜ਼ ਇੰਟਰਨੈਸਨਲ ਪਬਲਿਕ ਸਕੂਲ ਅਤੇ ਸਪੋਰਟਸ ਅਕੈਡਮੀ ਕੋਟ ਧੰਦਲ ਦੇ ਵਿਦਿਆਰਥੀਆਂ ਨੇ ਬੀਤੇ ਦਿਨੀਂ ਹੋਈ ਬਾਕਸਿੰਗ ਚੈਂਪੀਅਨਸ਼ਿਪ ਵਿਚ ਵੱਖ-ਵੱਖ ਭਾਰ ਵਰਗ ਤਗਮੇ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਪਿ੍ੰਸੀਪਲ ਹਰਵਿੰਦਰ ਸਿੰਘ ਰਿਆੜ ਨੇ ਦੱਸਿਆ ਕਿ ਬਾਕਸਿੰਗ ਐਸੋਸੀਏਸ਼ਨ ਆਫ਼ ਪੰਜਾਬ ਵਲੋਂ ਸ੍ਰੀ ਤਰਨ ਤਾਰਨ ਸਾਹਿਬ ਵਿਖੇ ਸਬ-ਜੂਨੀਅਰ ਬਾਕਸਿੰਗ ਚੈਂਪੀਅਨਸ਼ਿਪ ਕਰਵਾਈ ਗਈ ਜਿਸ ਵਿਚ ਪੂਰੇ ਸੂਬੇ ਦੇ ਬਾਕਸਿੰਗ ਖਿਡਾਰੀਆਂ ਨੇ ਭਾਗ ਲਿਆ | ਰੈਂਕਰਜ਼ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਅ ਵਲੋਂ ਬਾਕਸਿੰਗ ਕੋਚ ਵਰਿਆਮ ਸਿੰਘ ਦੀ ਅਗਵਾਈ ਹੇਠ ਇਸ ਚੈਂਪੀਅਨਸ਼ਿਪ 'ਚ ਹਿੱਸਾ ਲਿਆ ਤੇ ਰੈਂਕਰਜ਼ ਦੀ ਖਿਡਾਰਨ ਮਨਮੀਤ ਕੌਰ ਨੇ ਵਧੀਆ ਪ੍ਰਦਰਸ਼ਨ ਕਰਦਿਆਂ ਫਾਈਨਲ 'ਚ ਜਗ੍ਹਾ ਬਣਾਉਂਦੇ ਹੋਏ ਚਾਂਦੀ ਦਾ ਤਗਮਾ ਤੇ ਲੜਕਿਆਂ ਵਿਚ ਜਸਕੀਰਤ ਸਿੰਘ ਨੇ ਕਾਂਸੇ ਦਾ ਤਮਗਾ ਹਾਸਲ ਕੀਤਾ ਹੈ | ਉਨ੍ਹਾਂ ਦੱਸਿਆ ਕਿ ਇਨ੍ਹਾਂ ਖਿਡਾਰੀਆਂ ਦੀ ਇਸ ਉਪਲੱਬਧੀ ਉਪਰੰਤ ਸਕੂਲ ਆਉਣ 'ਤੇ ਸਵਾਗਤ ਕੀਤਾ ਗਿਆ ਤੇ ਖਿਡਾਰੀਆਂ ਦੇ ਮਾਪਿਆਂ ਦੀ ਹਾਜ਼ਰੀ ਵਿਚ ਇਨ੍ਹਾਂ ਨੂੰ ਜਿੱਤੇ ਤਗਮੇ ਪਹਿਨਾ ਕੇ ਹੌਸਲਾ ਅਫਜ਼ਾਈ ਕੀਤੀ ਗਈ ਤੇ ਵਧਾਈ ਦਿੱਤੀ ਗਈ |