ਬਟਾਲਾ, 3 ਅਪ੍ਰੈਲ (ਸਤਿੰਦਰ ਸਿੰਘ)-ਰਾਈਲ ਅਕੈਡਮੀ ਦੇ ਨਜ਼ਦੀਕ ਹਵੇਲੀ ਭਗਤਾਂ ਦੀ ਵਿਖੇ ਭਾਈ ਮਰਦਾਨਾ ਜੀ ਦੀ ਯਾਦ ਨੂੰ ਸਮਰਪਿਤ ਸਮਾਗਮ ਕਰਵਾਏ ਗਏ | ਇਸ ਸਬੰਧੀ ਸਮਾਜ ਸੇਵੀ ਅਤੇ ਸਾਬਕਾ ਸਰਪੰਚ ਤਰਸੇਮ ਸਿੰਘ ਫੁੱਲਕੇ ਨੇ ਦੱਸਿਆ ਕਿ ਜਿੰਨੇ ਵੀ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ, ਉਨ੍ਹਾਂ ਦੀ ਯਾਦ ਵਿਚ ਹਰ ਪੂਰਨਮਾਸ਼ੀ 'ਤੇ ਸ੍ਰੀ ਅਖੰਡ ਪਾਠ ਸਾਹਿਬ ਕਰਵਾਏ ਜਾ ਰਹੇ ਹਨ | ਇਸੇ ਤਰ੍ਹਾਂ ਭਾਈ ਮਰਦਾਨਾ ਜੀ ਦੀ ਯਾਦ ਨੂੰ ਸਮਰਪਿਤ ਕਰਵਾਏ ਸਮਾਗਮ ਦੌਰਾਨ ਸਭ ਤੋਂ ਪਹਿਲਾਂ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਉਪਰੰਤ ਗੁਰੂ ਮਹਾਰਾਜ ਦੇ ਚਰਨਾਂ ਵਿਚ ਅਰਦਾਸ ਬੇਨਤੀ ਤੋਂ ਬਾਅਦ ਰਾਗੀ, ਢਾਡੀ ਅਤੇ ਕਥਾਵਾਚਕਾਂ ਨੇ ਹਾਜ਼ਰੀ ਭਰੀ | ਸੰਤ ਬਾਬਾ ਹਜ਼ਾਰਾ ਸਿੰਘ ਸੰਗੀਤ ਅਕੈਡਮੀ ਅੱਚਲ ਸਾਹਿਬ ਦੇ ਕੀਰਤਨੀ ਜਥੇ ਵਲੋਂ ਰਸਭਿੰਨਾ ਕੀਰਤਨ ਕੀਤਾ | ਉਨ੍ਹਾਂ ਕਿਹਾ ਕਿ ਹਰੇਕ ਪ੍ਰਾਣੀ ਨੂੰ ਗੁਰੂ ਸਾਹਿਬ ਦੇ ਦਰਸਾਏ ਮਾਰਗ 'ਤੇ ਚੱਲਣਾ ਚਾਹੀਦਾ ਹੈ, ਕਿਉਂਕਿ ਗੁਰੂ ਸਾਹਿਬ ਦੇ ਦਰਸਾਏ ਮਾਰਗ 'ਤੇ ਚੱਲਣ ਨਾਲ ਜੀਵਨ ਸਫਲ ਹੁੰਦਾ ਹੈ | ਭਾਈ ਪਰਮਜੀਤ ਸਿੰਘ ਨੇ ਕਿਹਾ ਕਿ ਪ੍ਰਮਾਤਮਾ ਦੀ ਭਗਤੀ ਤੋਂ ਬਿਨਾਂ ਜੀਵਨ ਅਧੂਰਾ ਹੈ ਤੇ ਸਾਨੂੰ ਸਾਰਿਆਂ ਨੂੰ ਸੱਚੇ ਮਨ ਨਾਲ ਪ੍ਰਮਾਤਮਾ ਦੀ ਭਗਤੀ ਕਰਨੀ ਚਾਹੀਦੀ ਹੈ, ਕਿਉਂਕਿ ਸੱਚ ਦੇ ਰਾਹ 'ਤੇ ਚੱਲਣਾ ਹੀ ਅਸਲੀ ਪ੍ਰਮਾਤਮਾ ਦੀ ਭਗਤੀ ਹੈ | ਇਸ ਮੌਕੇ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਸੁੱਖ ਚਾਹਲ, ਬਾਬਾ ਪਰਮਜੀਤ ਸਿੰਘ ਸੰਗੀਤ ਅਕੈਡਮੀ ਅੱਚਲ ਸਾਹਿਬ, ਬਾਬਾ ਦਵਿੰਦਰ ਸਿੰਘ ਤਲਵੰਡੀ, ਬਾਬਾ ਸਰਵਣ ਸਿੰਘ, ਬਾਬਾ ਅਮਰੀਕ ਸਿੰਘ, ਬਾਬਾ ਬਸੰਤ ਸਿੰਘ, ਪਰਮਜੀਤ ਸਿੰਘ, ਲਖਬੀਰ ਸਿੰਘ, ਚੌਂਕੀਦਾਰ ਗੁਰਵੇਲ ਸਿੰਘ, ਸ਼ਰਨਜੀਤ ਸਿੰਘ, ਸੋਨੂੰ, ਸ਼ੇਰ ਸਿੰਘ ਅਠਵਾਲ, ਸੁਰਜੀਤ ਸਿੰਘ ਯੂ.ਕੇ., ਆਨੰਦ ਸਿੰਘ ਕੈਨੇਡਾ, ਕੁਲਵੰਤ ਸਿੰਘ ਬੱਲ ਆਦਿ ਹਾਜ਼ਰ ਸਨ |