ਗੁਰਦਾਸਪੁਰ, 5 ਅਪ੍ਰੈਲ (ਅਸ਼ੋਕ ਸ਼ਰਮਾ)- ਕਸਬਾ ਪੁਰਾਣਾ ਸ਼ਾਲਾ ਤੋਂ ਚੱਕ ਸ਼ਰੀਫ਼ ਨੰੂ ਜਾਣ ਵਾਲੀ ਮੁੱਖ ਸੜਕ ਦੀ ਹਾਲਤ ਬੇਹੱਦ ਖਸਤਾ ਬਣੀ ਹੈ ਅਤੇ ਸੜਕ ਵਿਚਕਾਰ ਡੂੰਘੇ ਟੋਏ ਪਏ ਹੋਣ ਕਰਕੇ ਰਾਹਗੀਰਾਂ ਤੇ ਵਾਹਨ ਚਾਲਕਾਂ ਨੰੂ ਲੰਘਣ ਵੇਲੇ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਇਸ ਸੰਬੰਧੀ ਵੱਖ-ਵੱਖ ਆਗੂਆਂ ਤੇ ਪੰਚਾਂ, ਸਰਪੰਚਾਂ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਸੜਕ ਦੀ ਮੁਰੰਮਤ ਹੋਈ ਸੀ ਤੇ ਹੁਣ ਭਾਰੀ ਮੀਂਹ ਤੇ ਬੇਮੌਸਮੀ ਬਰਸਾਤ ਨੇ ਸੜਕ ਨੰੂ ਤੋੜ ਕੇ ਰੱਖ ਦਿੱਤਾ ਹੈ ਜਿਸ ਨਾਲ ਨਿੱਤ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ ਤੇ ਇਸ ਪਾਸੇ ਲੋਕ ਨਿਰਮਾਣ ਵਿਭਾਗ ਬੇਖ਼ਬਰ ਹੋਣ ਕਰਕੇ ਲੋਕਾਂ ਦਾ ਵਿਭਾਗ ਖ਼ਿਲਾਫ਼ ਭਾਰੀ ਰੋਸ ਹੈ | ਉਨ੍ਹਾਂ ਦੱਸਿਆ ਕਿ ਸੜਕ ਦੀ ਮੁਰੰਮਤ ਦਾ ਮਾਮਲਾ ਹਲਕੇ ਦੇ ਸਿਆਸੀ ਆਗੂਆਂ ਦੇ ਧਿਆਨ 'ਚ ਲਿਆਉਣ ਦੇ ਬਾਵਜੂਦ ਕੋਈ ਹੱਲ ਨਹੀਂ ਹੋਇਆ | ਉਨ੍ਹਾਂ ਸੜਕ ਟੁੱਟਣ ਦਾ ਮੁੱਖ ਕਾਰਨ ਸੜਕ 'ਤੇ ਘਟੀਆ ਸਮਗਰੀ ਵਰਤਣਾ ਦੱਸਿਆ ਹੈ | ਜਦੋਂ ਕਿ ਸਰਕਾਰ ਵਲੋਂ ਸੜਕ ਟੁੱਟਣ ਤੋਂ ਬਾਅਦ ਮਹਿਕਮੇ ਵਲੋਂ ਸੜਕ ਦੀ ਮੁਰੰਮਤ ਲਈ ਅਗੇਤੇ ਫ਼ੰਡ ਰੱਖੇ ਜਾਂਦੇ ਹਨ ਪਰ ਫਿਰ ਵੀ ਮਹਿਕਮਾ ਗ਼ੌਰ ਨਹੀਂ ਕਰਦਾ | ਉਨ੍ਹਾਂ ਲੋਕ ਨਿਰਮਾਣ ਮੰਤਰੀ ਪੰਜਾਬ ਪਾਸੋਂ ਮੰਗ ਕੀਤੀ ਕਿ ਸੜਕ ਦੀ ਮੁਰੰਮਤ ਕਰਵਾਉਣ ਲਈ ਲੋਕ ਨਿਰਮਾਣ ਵਿਭਾਗ ਨੰੂ ਹੁਕਮ ਜਾਰੀ ਕੀਤੇ ਜਾਣ, ਜਿਸ ਨਾਲ ਲੋਕਾਂ ਨੰੂ ਲੰਘਣ ਵੇਲੇ ਮੁਸ਼ਕਿਲ ਨਾ ਆਵੇ |