ਘਰੋਟਾ, 5 ਅਪ੍ਰੈਲ (ਸੰਜੀਵ ਗੁਪਤਾ)-ਪਿੰਡ ਚੌਹਾਨ ਵਿਖੇ ਮੋਬਾਈਲ ਤੇ ਨਸ਼ਿਆਂ ਤੋਂ ਦੂਰੀ, ਪੜ੍ਹਾਈ ਤੇ ਮਾਪਿਆਂ ਦੀ ਸੇਵਾ ਹੈ ਜ਼ਰੂਰੀ ਮੁਹਿੰਮ ਤਹਿਤ ਵਿਸ਼ਾਲ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ | ਇਸ ਮੌਕੇ ਇਲਾਕੇ ਦੇ ਨੌਜਵਾਨਾਂ ਅਤੇ ਪਿੰਡ ਵਾਸੀਆਂ ਨੇ ਵੱਡੀ ਗਿਣਤੀ 'ਚ ਹਿੱਸਾ ਲਿਆ ਅਤੇ ਸਮਾਜਿਕ ਸੁਧਾਰ ਲਈ ਇੱਕਜੁੱਟਤਾ ਦਾ ਸੰਦੇਸ਼ ਦਿੱਤਾ | ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਸਾਬਕਾ ਜ਼ਿਲ੍ਹਾ ਪ੍ਰਧਾਨ ਸੰਜੀਵ ਬੈਂਸ ਸ਼ਾਮਿਲ ਹੋਏ, ਜਿਨ੍ਹਾਂ ਨੇ ਨੌਜਵਾਨ ਪੀੜ੍ਹੀ ਨੂੰ ਮੋਬਾਈਲ ਦੀ ਵਰਤੋਂ ਅਤੇ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਨੌਜਵਾਨਾਂ ਲਈ ਪੜ੍ਹਾਈ 'ਤੇ ਧਿਆਨ ਦੇਣਾ ਅਤੇ ਮਾਪਿਆਂ ਦੀ ਸੇਵਾ ਕਰਨਾ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ | ਉਨ੍ਹਾਂ ਕਿਹਾ ਕਿ ਜੇ ਨੌਜਵਾਨ ਸਹੀ ਦਿਸ਼ਾ ਵਿਚ ਮਿਹਨਤ ਕਰਨ ਤਾਂ ਉਹ ਨਾ ਸਿਰਫ਼ ਆਪਣੇ ਪਰਿਵਾਰ, ਸਗੋਂ ਸਮਾਜ ਤੇ ਦੇਸ਼ ਦਾ ਨਾਮ ਰੌਸ਼ਨ ਕਰ ਸਕਦੇ ਹਨ | ਇਸ ਦੌਰਾਨ ਵੱਖ-ਵੱਖ ਆਗੂਆਂ ਨੇ ਵੀ ਵਿਚਾਰ ਸਾਂਝੇ ਕੀਤੇ | ਪ੍ਰੋਗਰਾਮ ਦੌਰਾਨ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਖੇਡਾਂ, ਪੜ੍ਹਾਈ ਅਤੇ ਸਮਾਜਿਕ ਗਤੀਵਿਧੀਆਂ ਵਿਚ ਭਾਗ ਲੈਣ ਅਤੇ ਆਪਣੇ ਜੀਵਨ ਨੂੰ ਸਹੀ ਦਿਸ਼ਾ ਵੱਲ ਲੈ ਕੇ ਜਾਣ | ਪਿੰਡ ਦੇ ਬਜ਼ੁਰਗਾਂ ਨੇ ਵੀ ਇਸ ਮੁਹਿੰਮ ਦੀ ਸਰਾਹਨਾ ਕਰਦੇ ਹੋਏ ਕਿਹਾ ਕਿ ਇਹ ਸਮੇਂ ਦੀ ਲੋੜ ਹੈ ਅਤੇ ਹਰ ਪਿੰਡ ਵਿਚ ਇਸ ਤਰ੍ਹਾਂ ਦੇ ਉਪਰਾਲੇ ਹੋਣ ਚਾਹੀਦੇ ਹਨ | ਅੰਤ ਵਿਚ ਸਮੂਹ ਪਿੰਡ ਵਾਸੀਆਂ ਨੇ ਸੰਕਲਪ ਲਿਆ ਕਿ ਉਹ ਨਸ਼ਿਆਂ ਅਤੇ ਮੋਬਾਈਲ ਦੀ ਵਰਤੋਂ ਤੋਂ ਦੂਰ ਰਹਿ ਕੇ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਅਤੇ ਸੰਸਕਾਰਾਂ ਵੱਲ ਪ੍ਰੇਰਿਤ ਕਰਨਗੇ |