ਪਠਾਨਕੋਟ, 5 ਅਪ੍ਰੈਲ (ਵਿਨੋਦ)-ਹਰ ਸਰਕਾਰੀ ਕਰਮਚਾਰੀ ਬੇਦਾਗ਼ ਤੇ ਸਮਰਪਿਤ ਸੇਵਾ ਨਾਲ ਸੇਵਾ ਮੁਕਤ ਹੋਣ ਦੀ ਇੱਛਾ ਰੱਖਦਾ ਹੈ | ਸਟਾਫ ਦੀ ਘਾਟ ਨਾਲ ਜੂਝ ਰਹੇ ਹਰ ਸਰਕਾਰੀ ਅਦਾਰੇ ਵਿਚ ਵਾਧੂ ਕੰਮ ਦਾ ਬੋਝ ਮਾਨਸਿਕ ਤਣਾਅ ਦਾ ਕਾਰਨ ਬਣਦਾ ਹੈ, ਨਾਲ ਹੀ ਕਈ ਬਿਮਾਰੀਆਂ ਪੈਦਾ ਕਰਦਾ ਹੈ | ਉਹ ਕਰਮਚਾਰੀ ਜੋ ਇਨ੍ਹਾਂ ਚੁਨੌਤੀਆਂ ਨੂੰ ਪਾਰ ਕਰਦੇ ਹਨ ਅਤੇ ਪੂਰੀ ਲਗਨ ਤੇ ਇਮਾਨਦਾਰੀ ਨਾਲ ਡਿਊਟੀਆਂ ਨਿਭਾਉਣ ਤੋਂ ਬਾਅਦ ਸੇਵਾ ਮੁਕਤ ਹੁੰਦੇ ਹਨ, ਉਹ ਕਿਸਮਤ ਵਾਲੇ ਹਨ | ਇਹ ਭਾਵੁਕ ਸ਼ਬਦ ਇੰਜੀਨੀਅਰ ਜਤਿੰਦਰ ਸ਼ਰਮਾ ਸਬ-ਡਵੀਜ਼ਨਲ ਅਫ਼ਸਰ ਉੱਤਰੀ ਪਾਵਰਕਾਮ ਪਠਾਨਕੋਟ ਨੇ ਦੱਖਣੀ ਸਬ-ਡਵੀਜ਼ਨ ਦੀ ਸੀਨੀਅਰ ਕਲਰਕ ਸਿ੍ਸ਼ਟੀ ਕੁਮਾਰੀ ਦੀ ਸੇਵਾ ਮੁਕਤੀ 'ਤੇ ਕਹੇ | ਜੇ.ਡੀ ਗਾਰਡਨ ਵਿਖੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਇੰਜੀ: ਜਤਿੰਦਰ ਸ਼ਰਮਾ ਸਬ ਡਵੀਜ਼ਨਲ ਅਫ਼ਸਰ ਉੱਤਰੀ, ਰਾਜਿੰਦਰ ਸਿੰਘ, ਪ੍ਰਕਾਸ਼ ਚੰਦ, ਸੁਮੇਸ਼ ਮਹਾਜਨ ਅਤੇ ਅਨਿਲ ਕੁਮਾਰ ਨੀਲਾ ਨੇ ਸਿ੍ਸ਼ਟੀ ਕੁਮਾਰੀ ਨੂੰ ਫੁੱਲਾਂ ਦਾ ਹਾਰ ਭੇਟ ਕੀਤਾ ਅਤੇ ਉਨ੍ਹਾਂ ਦੀ ਸ਼ੁੱਭਕਾਮਨਾਵਾਂ ਦਿੱਤੀਆਂ | ਐਸ.ਡੀ.ਓ ਜਤਿੰਦਰ ਸ਼ਰਮਾ ਨੇ ਕਿਹਾ ਕਿ ਜਿੱਥੇ ਇਕ ਜ਼ਿੰਮੇਵਾਰ ਕਰਮਚਾਰੀ ਦੀ ਸੇਵਾ ਮੁਕਤੀ 'ਤੇ ਖੁਸ਼ੀ ਹੁੰਦੀ ਹੈ, ਉੱਥੇ ਸਟਾਫ ਦੀ ਘਾਟ ਕਾਰਨ ਚਿੰਤਾ ਵੀ ਸੁਭਾਵਿਕ ਹੁੰਦੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ਨੂੰ ਤੁਰੰਤ ਖਾਲੀ ਅਸਾਮੀਆਂ ਭਰਨੀਆਂ ਚਾਹੀਦੀਆਂ ਹਨ, ਕਿਉਂਕਿ ਸਟਾਫ ਦੀ ਘਾਟ ਅਤੇ ਜ਼ਿਆਦਾ ਕੰਮ ਦੇ ਬੋਝ ਕਾਰਨ ਕਰਮਚਾਰੀ ਹਾਈ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੀ ਬਿਮਾਰੀ ਦਾ ਸ਼ਿਕਾਰ ਹੋ ਰਹੇ ਹਨ | ਇਸ ਮੌਕੇ ਸਹਾਇਕ ਲੇਖਾ ਅਧਿਕਾਰੀ ਆਕਾਸ਼ ਕੁਮਾਰ ਅਤੇ ਸਾਹਿਲ ਕੁਮਾਰ ਨੇ ਨਰੇਸ਼ ਸ਼ਰਮਾ ਤੇ ਰਾਜ ਕੁਮਾਰ ਨਾਲ ਮਿਲ ਕੇ ਦਫ਼ਤਰ ਵਲੋਂ ਸਿ੍ਸ਼ਟੀ ਕੁਮਾਰੀ ਨੂੰ ਸਨਮਾਨਿਤ ਕੀਤਾ | ਦੱਖਣੀ ਉਪ-ਮੰਡਲ ਦੇ ਸਟਾਫ਼ ਨੇ ਉਸ ਦੀ ਡਿਊਟੀ ਪ੍ਰਤੀ ਸਮਰਪਣ ਅਤੇ ਸਮੇਂ ਸਿਰ ਕੰਮ ਪੂਰਾ ਕਰਨ ਦੀ ਯੋਗਤਾ ਦੀ ਪ੍ਰਸੰਸਾ ਕਰਦਿਆਂ ਭਵਿੱਖ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ | ਪਰਿਵਾਰ ਨੇ ਹਾਜ਼ਰ ਅਧਿਕਾਰੀਆਂ ਅਤੇ ਸਟਾਫ਼ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ |