ਪਠਾਨਕੋਟ, 5 ਅਪ੍ਰੈਲ (ਵਿਨੋਦ)-ਬੇਮੌਸਮੀ ਬਰਸਾਤ ਨੇ ਕਿਸਾਨਾਂ ਲਈ ਇਕ ਵਾਰ ਫਿਰ ਚਿੰਤਾ ਦੀ ਘੰਟੀ ਵਜਾ ਦਿੱਤੀ ਹੈ, ਜਿੱਥੇ ਕਿਸਾਨਾਂ ਨੂੰ ਇਸ ਸਮੇਂ ਆਪਣੀ ਪੱਕੀ ਕਣਕ ਦੀ ਫ਼ਸਲ ਦੀ ਕਟਾਈ ਦੀ ਉਮੀਦ ਸੀ, ਉੱਥੇ ਪਿਛਲੇ ਦੋ ਦਿਨਾਂ ਤੋਂ ਮੀਂਹ ਨੇ ਸਾਰੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ ਹੈ | ਪਠਾਨਕੋਟ ਦੇ ਖੇਤਾਂ ਵਿਚ ਖੜ੍ਹੀ ਪੱਕੀ ਫ਼ਸਲ ਮੀਂਹ ਕਾਰਨ ਝੁਕ ਰਹੀ ਹੈ ਅਤੇ ਕਈ ਥਾਵਾਂ 'ਤੇ ਪਾਣੀ ਖੜ੍ਹ ਜਾਣ ਨਾਲ ਕਣਕ ਦੇ ਦਾਣਿਆਂ ਦੀ ਗੁਣਵੱਤਾ 'ਤੇ ਵੀ ਅਸਰ ਪੈਣ ਦਾ ਡਰ ਵੱਧ ਗਿਆ ਹੈ | ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਇਹ ਮੌਸਮ ਕੁਝ ਹੋਰ ਦਿਨ ਜਾਰੀ ਰਿਹਾ ਤਾਂ ਨੁਕਸਾਨ ਜ਼ਿਆਦਾ ਹੋ ਸਕਦਾ ਹੈ, ਜਿਸ ਨਾਲ ਉਨ੍ਹਾਂ ਦੀ ਸਾਲ ਭਰ ਦੀ ਮਿਹਨਤ ਬੇਕਾਰ ਹੋ ਸਕਦੀ ਹੈ | ਇਹ ਸਥਿਤੀ ਇਸ ਕਰਕੇ ਹੋਰ ਵੀ ਗੰਭੀਰ ਬਣ ਗਈ ਹੈ, ਕਿਉਂਕਿ ਪਿਛਲੇ ਸਾਲ ਵੀ ਹੜ੍ਹਾਂ ਨੇ ਕਿਸਾਨਾਂ ਨੂੰ ਵੱਡਾ ਆਰਥਿਕ ਝਟਕਾ ਦਿੱਤਾ ਸੀ | ਹੁਣ ਜਦੋਂ ਕਿਸਾਨ ਆਪਣੇ ਨੁਕਸਾਨ ਤੋਂ ਉੱਭਰਨ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਮੌਸਮ ਦੀ ਇਹ ਨਵੀਂ ਮਾਰ ਉਨ੍ਹਾਂ ਲਈ ਵੱਡੀ ਮੁਸੀਬਤ ਬਣ ਗਈ ਹੈ | ਮੌਸਮ ਵਿਭਾਗ ਵਲੋਂ ਜਾਰੀ ਕੀਤੀ ਭਵਿੱਖਬਾਣੀ ਨੇ ਚਿੰਤਾ ਨੂੰ ਹੋਰ ਵਧਾ ਦਿੱਤਾ ਹੈ | ਅਨੁਮਾਨ ਲਗਾਇਆ ਗਿਆ ਹੈ ਕਿ ਆਉਣ ਵਾਲੇ ਕੁਝ ਦਿਨਾਂ ਵਿਚ ਭਾਰੀ ਬਰਸਾਤ ਦੇ ਨਾਲ ਗੜੇਮਾਰੀ ਵੀ ਹੋ ਸਕਦੀ ਹੈ ਜੋ ਫਸਲਾਂ ਲਈ ਹੋਰ ਵੀ ਨੁਕਸਾਨਦਾਇਕ ਹੈ | ਇਸ ਹਾਲਾਤ ਨੂੰ ਦੇਖਦੇ ਹੋਏ ਕਿਸਾਨਾਂ ਨੇ ਸਰਕਾਰ ਕੋਲ ਗਿਰਦਾਵਰੀ ਕਰਵਾਉਣ ਦੀ ਮੰਗ ਕੀਤੀ ਹੈ ਤਾਂ ਜੋ ਨੁਕਸਾਨ ਦਾ ਸਹੀ ਅੰਦਾਜ਼ਾ ਲਗਾ ਕੇ ਉਨ੍ਹਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾ ਸਕੇ | ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਸਮੇਂ 'ਤੇ ਮਦਦ ਨਾ ਮਿਲੀ ਤਾਂ ਉਨ੍ਹਾਂ ਲਈ ਆਰਥਿਕ ਤੌਰ 'ਤੇ ਖੜ੍ਹਾ ਹੋਣਾ ਮੁਸ਼ਕਿਲ ਹੋ ਜਾਵੇਗਾ |