ਗੁਰਦਾਸਪੁਰ, 7 ਅਪ੍ਰੈਲ (ਚੱਕਰਾਜਾ)-ਹਿਊਮੈਨਿਟੀ ਫਸਟ ਇੰਡੀਆ ਵਲੋਂ ਮਾਨ ਕੌਰ ਦੇ ਪ੍ਰੀਲੀਮੀਨਰੀ ਐਜੂਕੇਸ਼ਨ ਸਟੱਡੀ ਸੈਂਟਰ ਦਾ ਦੌਰਾ ਕੀਤਾ ਗਿਆ | ਇਹ ਕੇਂਦਰ ਰਾਸ਼ਟਰੀ ਪੁਰਸਕਾਰ ਜੇਤੂ ਰੋਮੇਸ਼ ਮਹਾਜਨ ਦੀ ਅਗਵਾਈ ਹੇਠ ਹਾਸ਼ੀਏ 'ਤੇ ਰਹਿੰਦੇ ਬੱਚਿਆਂ ਲਈ ਉਮੀਦ ਦੀ ਮਿਸਾਲ ਬਣ ਚੁੱਕਾ ਹੈ | ਹਿਊਮੈਨਿਟੀ ਫਸਟ ਇੰਡੀਆ ਦੀ ਟੀਮ ਦੀ ਅਗਵਾਈ ਵਾਈਸ ਚੇਅਰਮੈਨ ਐੱਸ.ਐੱਮ. ਬਸੀਰੁੱਦੀਨ ਨੇ ਕੀਤੀ, ਜਿਨ੍ਹਾਂ ਨਾਲ ਜਨਰਲ ਸਕੱਤਰ ਨਵੀਦ ਅਹਿਮਦ ਫ਼ਜ਼ਲ ਅਤੇ ਜ਼ਿਲ੍ਹਾ ਪ੍ਰਧਾਨ ਫ਼ਜ਼ਲ ਅਹਿਮਦ ਵੀ ਮੌਜੂਦ ਸਨ | ਉਨ੍ਹਾਂ ਦੇ ਪਹੁੰਚਣ 'ਤੇ ਰਮੇਸ਼ ਮਹਾਜਨ, ਉਨ੍ਹਾਂ ਦੀ ਟੀਮ ਅਤੇ ਬੱਚਿਆਂ ਵਲੋਂ ਸਵਾਗਤ ਕੀਤਾ ਗਿਆ | ਬਸੀਰੁੱਦੀਨ ਨੇ ਰਮੇਸ਼ ਮਹਾਜਨ ਵਲੋਂ ਕੀਤੇ ਯਤਨਾਂ ਦੀ ਭਰਪੂਰ ਪ੍ਰਸੰਸਾ ਕੀਤੀ | ਉਨ੍ਹਾਂ ਕਿਹਾ ਕਿ ਇਹ ਕੇਂਦਰ ਬੱਚਿਆਂ ਦੇ ਸਰਵਪੱਖੀ ਵਿਕਾਸ ਅਤੇ ਉਨ੍ਹਾਂ ਦੇ ਸੁਪਨਿਆਂ ਨੂੰ ਸਹੀ ਦਿਸ਼ਾ ਦੇਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਅ ਰਿਹਾ ਹੈ | ਉਨ੍ਹਾਂ ਨੇ ਆਧੁਨਿਕ ਸਿੱਖਿਆ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਅਤੇ ਡਿਜ਼ੀਟਲ ਤਕਨਾਲੋਜੀ ਰਾਹੀਂ ਸਿੱਖਿਆ ਦੇਣ ਦੇ ਯਤਨਾਂ ਦੀ ਸਰਾਹਨਾ ਕੀਤੀ | ਉਨ੍ਹਾਂ ਨੇ ਆਪਣੀ ਸੰਸਥਾ ਦੇ ਮਿਸ਼ਨ ਬਾਰੇ ਵੀ ਜਾਣਕਾਰੀ ਦਿੱਤੀ | ਇਸ ਮੌਕੇ ਬੱਚਿਆਂ ਨੂੰ ਕਾਪੀਆਂ ਵੰਡੀਆਂ ਗਈਆਂ | ਬਸੀਰੁੱਦੀਨ ਨੇ ਭਵਿੱਖ ਵਿਚ ਵੀ ਸੇਵਾ ਕਾਰਜਾਂ ਵਿਚ ਸਹਿਯੋਗ ਦਾ ਭਰੋਸਾ ਦਿੱਤਾ ਅਤੇ ਰੋਮੇਸ਼ ਮਹਾਜਨ ਨੂੰ ਬੱਚਿਆਂ ਸਮੇਤ ਕਾਦੀਆਂ ਆ ਕੇ ਸੰਸਥਾ ਦੇ ਪ੍ਰੋਜੈਕਟਾਂ ਨੂੰ ਵੇਖਣ ਦਾ ਸੱਦਾ ਦਿੱਤਾ | ਇਸ ਮੌਕੇ ਜ਼ਿਲ੍ਹਾ ਬਾਲ ਭਲਾਈ ਕੌਂਸਲ ਦੇ ਕੋਆਰਡੀਨੇਟਰ ਬਖ਼ਸ਼ੀ ਰਾਜ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਰਮੇਸ਼ ਮਹਾਜਨ ਦੀ ਨਿਸ਼ਕਾਮ ਸੇਵਾ ਦੀ ਪ੍ਰਸੰਸਾ ਕੀਤੀ | ਉਨ੍ਹਾਂ ਦੱਸਿਆ ਕਿ 2014 ਵਿਚ ਸਿਰਫ਼ ਤਿੰਨ ਬੱਚਿਆਂ ਨਾਲ ਸ਼ੁਰੂ ਹੋਇਆ ਇਹ ਕੇਂਦਰ ਅੱਜ ਇਕ ਆਧੁਨਿਕ ਇਮਾਰਤ 'ਚ ਤਬਦੀਲ ਹੋ ਚੁੱਕਾ ਹੈ | ਜਿਸ ਦਾ ਸਾਰਾ ਖਰਚਾ ਮਹਾਜਨ ਆਪਣੇ ਨਿੱਜੀ ਸਰੋਤਾਂ ਨਾਲ ਚਲਾਉਂਦੇ ਹਨ | ਬੱਚਿਆਂ ਵਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ | ਇਸ ਮੌਕੇ ਲਾਇਨਜ਼ ਕਲੱਬ ਦੇ ਪ੍ਰਧਾਨ ਕੇ.ਪੀ. ਸਿੰਘ, ਅਧਿਆਪਕ ਆਸ਼ੂ, ਮਨਜੀਤ, ਕਿਰਨ, ਸੁਰਜਾ ਅਤੇ ਹੋਰ ਕਈ ਪ੍ਰਮੁੱਖ ਸ਼ਖ਼ਸੀਅਤਾਂ ਵੀ ਮੌਜੂਦ ਸਨ |