ਬਟਾਲਾ, 7 ਅਪ੍ਰੈਲ (ਸਤਿੰਦਰ ਸਿੰਘ)- ਇਕ ਅਪ੍ਰੈਲ ਤੋਂ ਸੂਬੇ ਦੀਆਂ ਮੰਡੀਆਂ 'ਚ ਆਪਣੀਆਂ ਮੰਗਾਂ ਨੂੰ ਲੈ ਕੇ ਆੜ੍ਹਤੀ ਭਾਈਚਾਰੇ ਵਲੋਂ ਹੜਤਾਲ ਰੱਖੀ ਗਈ ਹੈ | ਜ਼ਿਲ੍ਹਾ ਗੁਰਦਾਸਪੁਰ ਦੀ ਸਭ ਤੋਂ ਵੱਡੀ ਅਨਾਜ ਮੰਡੀ ਬਟਾਲਾ 'ਚ ਵੀ ਪਿਛਲੇ ਦਿਨਾਂ ਤੋਂ ਚੱਲ ਰਹੀ ਹੜਤਾਲ ਨਿਰੰਤਰ ਜਾਰੀ ਹੈ | ਆੜ੍ਹਤੀਆ ਐਸੋਸੀਏਸ਼ਨ ਬਟਾਲਾ ਦੇ ਪ੍ਰਧਾਨ ਗੁਰਬਿੰਦਰ ਸਿੰਘ ਜੌਲੀ ਨੇ ਦੱਸਿਆ ਕਿ ਆੜ੍ਹਤੀਆ ਆਪਣੀ ਹੱਕੀ ਮੰਗਾਂ ਲਈ ਸ਼ੰਘਰਸ ਕਰ ਰਹੇ ਹਨ | ਉਨ੍ਹਾਂ ਦੱਸਿਆ ਕਿ ਢਾਈ ਫ਼ੀਸਦੀ ਨਾਲ ਕਣਕ ਦੀ ਆੜ੍ਹਤ ਕਰੀਬ 65 ਰੁਪਏ ਬਣਦੀ ਹੈ ਜਦਕਿ ਆੜ੍ਹਤੀਆਂ ਨੂੰ ਸਿਰਫ 50 ਰੁਪਏ 77 ਪੈਸੇ ਆੜ੍ਹਤ ਮਿਲੇਗੀ, ਜੋ ਆੜ੍ਹਤੀ ਭਾਈਚਾਰੇ ਨਾਲ ਸਰਾਸਰ ਧੱਕਾ ਹੈ | ਇਸ ਤੋਂ ਇਲਾਵਾ ਮਾਝੇ ਦੀਆਂ ਪੱਕੀਆਂ ਮੰਡੀਆਂ, ਜਿੱਥੇ ਕਾਰਟੇਜ ਟੈਂਡਰ ਪ੍ਰਕਿਰਿਆ ਚੱਲ ਰਹੀ ਹੈ | ਉਸ ਨਾਲ ਵੀ ਆੜ੍ਹਤੀਆਂ ਨੂੰ ਵੱਡੇ ਪੱਧਰ 'ਤੇ ਢੋਆ-ਢੁਆਈ ਲਈ ਕਿਰਾਏ ਦੀ ਮਾਰ ਪੈ ਰਹੀ ਹੈ | ਪ੍ਰਧਾਨ ਜੌਲੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੂੰ ਆੜ੍ਹਤੀਆਂ ਦਾ ਦਰਦ ਸਮਝਣਾ ਚਾਹੀਦਾ ਹੈ ਤੇ ਆੜ੍ਹਤੀਆਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਨੂੰ ਤੁਰੰਤ ਮੰਨ ਲੈਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਫੈਡਰੇਸ਼ਨ ਆਫ਼ ਆੜ੍ਹਤੀਆ ਦੇ ਪ੍ਰਧਾਨ ਵਿਜੇ ਕਾਲੜਾ ਵਲੋਂ ਹੜਤਾਲ ਸਬੰਧੀ ਜੋ ਵੀ ਹਦਾਇਤਾਂ ਮਿਲਣਗੀਆਂ, ਉਸ ਸੰਬੰਧੀ ਆਉਂਦੇ ਦਿਨਾਂ 'ਚ ਵਿਉਂਤ ਬਣਾਈ ਜਾਵੇਗੀ | ਉਨ੍ਹਾਂ ਆੜ੍ਹਤੀ ਵਰਗ ਨੂੰ ਅਪੀਲ ਕੀਤੀ ਕਿ ਜ਼ਿਲ੍ਹਾ ਗੁਰਦਾਸਪੁਰ ਅੰਦਰ ਪੂਰਨ ਤੌਰ 'ਤੇ ਹੜਤਾਲ ਚੱਲ ਰਹੀ ਹੈ ਤੇ ਸਾਰੀਆਂ ਮੰਡੀਆਂ ਦੇ ਆੜ੍ਹਤੀ ਇਕਜੁੱਟ ਹੋ ਕੇ ਆਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੇ ਹਨ | ਇਸ ਮੌਕੇ ਸੂਬਾ ਮੀਤ ਪ੍ਰਧਾਨ ਮਨਬੀਰ ਸਿੰਘ ਰੰਧਾਵਾ, ਹਰਜਿੰਦਰ ਸਿੰਘ ਹਰੂਵਾਲ, ਅਵਤਾਰ ਸਿੰਘ ਗੁਰਾਇਆ, ਪਰਮਜੀਤ ਸਿੰਘ ਵੜੈਚ, ਕੇਵਲ ਸ਼ਾਹ, ਰਮੇਸ਼ ਪੱਪੂ, ਜਰਨੈਲ ਸਿੰਘ ਰੰਧਾਵਾ, ਦਿਨੇਸ਼ ਸੋਢੀ, ਹਰਵੰਤ ਸਿੰਘ ਚੱਠਾ, ਜੋਗਿੰਦਰ ਸਿੰਘ ਬਾਜਵਾ, ਆਸ਼ੂ ਅਗਰਵਾਲ, ਰਾਣਾ ਰਿਖੀਆ, ਰਿੰਪੀ ਬਾਜਵਾ, ਅਮਨ ਪਰਾਸਰ, ਜਸਵੰਤ ਸਿੰਘ ਖਹਿਰਾ, ਨਰਿੰਦਰ ਸਿੰਘ ਪੱਡਾ, ਜਗਦੀਸ਼ ਸਿੰਘ ਕਰਨਾਮਾ, ਸੰਜੀਵ ਚੀਨੀ ਆਦਿ ਹਾਜ਼ਰ ਸਨ |